ਲਖਨਊ ਸੁਪਰ ਜਾਇੰਟਸ ਨੇ ਆਈ.ਪੀ.ਐੱਲ. ਦੇ ਇਕ ਹੋਰ ਮੈਚ ‘ਚ ਰਾਜਸਥਾਨ ਰਾਇਲਸ ਨੂੰ ਦਸ ਦੌੜਾਂ ਨਾਲ ਹਰਾ ਦਿੱਤਾ। ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 155 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ‘ਚ ਰਾਜਸਥਾਨ ਦੀ ਟੀਮ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 144 ਦੌੜਾਂ ਹੀ ਬਣਾ ਸਕੀ। ਰਾਜਸਥਾਨ ਲਈ ਟੀਚੇ ਦਾ ਪਿੱਛਾ ਕਰਦਿਆਂ ਯਸ਼ਸਵੀ ਜੈਸਵਾਲ ਨੇ 35 ਗੇਂਦਾਂ ‘ਚ 44 ਦੌੜਾਂ ਬਣਾਈਆਂ ਜਦਕਿ ਕਪਤਾਨ ਜੋਸ ਬਟਲਰ ਨੇ 41 ਗੇਂਦਾਂ ‘ਚ 40 ਦੌੜਾਂ ਬਣਾਈਆਂ। ਕਪਤਾਨ ਸੰਜੂ ਸੈਮਸਨ ਕੁਝ ਖਾਸ ਨਹੀਂ ਕਰ ਸਕੇ ਅਤੇ ਸਿਰਫ 2 ਦੌੜਾਂ ਹੀ ਬਣਾ ਸਕੇ, ਉਸ ਤੋਂ ਇਲਾਵਾ ਸ਼ਿਮਰੋਨ ਹੇਟਮਾਇਰ ਵੀ 2 ਦੌੜਾਂ ਹੀ ਬਣਾ ਸਕੇ। ਦੇਵਦੱਤ ਪਡੀਕਲ ਅਤੇ ਰਿਆਨ ਪਰਾਗ ਨੇ ਅੰਤ ‘ਚ ਸ਼ਾਨਦਾਰ ਪਾਰੀ ਖੇਡੀ ਅਤੇ ਟੀਮ ਨੂੰ ਜਿੱਤ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਪਡੀਕਲ ਦੇ 26 ਦੌੜਾਂ ‘ਤੇ ਆਊਟ ਹੋਣ ਤੋਂ ਬਾਅਦ ਜਿੱਤ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ। ਉਸ ਦੇ ਆਊਟ ਹੋਣ ਤੋਂ ਬਾਅਦ ਧਰੁਵ ਜੁਰੇਲ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਅੰਤ ‘ਚ ਰਿਆਨ ਪਰਾਗ ਨੇ ਨਾਬਾਦ 15 ਦੌੜਾਂ ਬਣਾਈਆਂ ਜਦਕਿ ਰਵੀਚੰਦਨ ਅਸ਼ਵਿਨ ਨੇ ਨਾਬਾਦ 3 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 154 ਦੌੜਾਂ ਬਣਾਈਆਂ। ਮਾਇਰਸ ਨੇ ਇਸ ਮੈਚ ‘ਚ 42 ਗੇਂਦਾਂ ‘ਚ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ। ਕਪਤਾਨ ਕੇ.ਐੱਲ. ਰਾਹੁਲ ਨੇ ਵੀ 32 ਗੇਂਦਾਂ ‘ਚ 39 ਦੌੜਾਂ ਬਣਾਈਆਂ। ਆਯੂਸ਼ ਬਧੁਨੀ ਸਿਰਫ 1, ਜਦਕਿ ਦੀਪਕ ਹੁੱਡਾ 2 ਦੌੜਾਂ ਬਣਾ ਕੇ ਆਊਟ ਹੋਏ। ਮਾਰਕਸ ਸਟੋਇਨਿਸ ਨੇ 16 ਗੇਂਦਾਂ ‘ਚ 21 ਦੌੜਾਂ ਬਣਾਈਆਂ, ਜਦੋਂ ਕਿ ਨਿਕੋਲਸ ਪੂਰਨ 20 ਗੇਂਦਾਂ ‘ਚ 28 ਦੌੜਾਂ ਬਣਾ ਕੇ ਰਨ ਆਊਟ ਹੋ ਗਏ। ਅੰਤ ‘ਚ ਕਰੁਣਾਲ ਪੰਡਯਾ 4 ਦੌੜਾਂ ਬਣਾ ਕੇ ਨਾਬਾਦ ਰਹੇ। ਰਾਜਸਥਾਨ ਵੱਲੋਂ ਰਵੀਚੰਦਰਨ ਅਸ਼ਵਿਨ ਨੇ 2 ਵਿਕਟਾਂ ਲਈਆਂ, ਜਦਕਿ ਟ੍ਰੇਂਟ ਬੋਲਟ, ਸੰਦੀਪ ਸ਼ਰਮਾ ਅਤੇ ਜੇਸਨ ਹੋਲਡਰ ਨੇ 1-1 ਵਿਕਟ ਲਈ।