ਵੈਨਕੂਵਰ ਦੇ ਇਕ ਉਪਨਗਰ ’ਚ ਫਾਇਰਿੰਗ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਇਸ ਸਿਲਸਿਲੇ ’ਚ ਇਕ ਸ਼ੱਕੀ ਨੂੰ ਹਿਰਾਸਤ ’ਚ ਲਿਆ ਗਿਆ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲੀਸ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲੈਂਗਲੀ ਇਲਾਕੇ ’ਚ ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ ਹਨ। ਫਾਇਰਿੰਗ ਤੋਂ ਫੌਰੀ ਬਾਅਦ ਪੁਲੀਸ ਅਧਿਕਾਰੀ ਰੇਬੇਕਾ ਪਾਰਸਲਾ ਨੇ ਕਿਹਾ ਕਿ ਉਨ੍ਹਾਂ ਨੂੰ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ। ਪੁਲੀਸ ਨੇ ਸਵੇਰੇ 6.30 ਵਜੇ ਇਲਾਕੇ ’ਚ ਚਿਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਸਬੰਧਤ ਇਲਾਕੇ ’ਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ। ਪੁਲੀਸ ਨੇ ਸ਼ਹਿਰ ਦੇ ਰੁਝੇਵੇਂ ਵਾਲੇ ਇਲਾਕੇ ਨੂੰ ਜਾਣ ਵਾਲੀ ਸਡ਼ਕ ਦੇ ਇਕ ਵੱਡੇ ਹਿੱਸੇ ਨੂੰ ਬੰਦ ਕਰ ਦਿੱਤਾ। ਪੁਲੀਸ ਨੇ ਬਾਅਦ ’ਚ ਇਕ ਹੋਰ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਇਕ ਸ਼ੱਕੀ ਹਿਰਾਸਤ ’ਚ ਹੈ। ਲੈਂਗਲੀ ਵੈਨਕੂਵਰ ਤੋਂ ਲਗਭਗ 48 ਕਿਲੋਮੀਟਰ ਦੱਖਣ-ਪੂਰਬ ’ਚ ਸਥਿਤ ਹੈ। ਬਾਅਦ ’ਚ ਆਈ ਰਿਪੋਰਟ ਅਨੁਸਾਰ ਫਾਇਰਿੰਗ ’ਚ ਦੋ ਲੋਕਾਂ ਦੀ ਮੌਤ ਹੋਈ ਹੈ। ਇਹ ਵੀ ਖ਼ਬਰ ਆਈ ਹੈ ਕਿ ਮਰਨ ਵਾਲੇ ਭਾਰਤੀ ਮੂਲ ਦੇ ਸਨ।