ਰਾਸ਼ਟਰੀ ਸੁਰੱਖਿਆ ਏਜੰਸੀ (ਐੱਨ.ਆਈ.ਏ.) ਨੇ ਲੁਧਿਆਣਾ ਕੋਰਟ ਕੰਪਲੈਕਸ ‘ਚ ਬੰਬ ਧਮਾਕੇ ਦੇ ਮਾਮਲੇ ‘ਚ ਐੱਨ.ਆਈ.ਏ. ਸਪੈਸ਼ਲ ਕੋਰਟ ‘ਚ 5 ਦੋਸ਼ੀਆਂ ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਧਮਾਕੇ ‘ਚ 1 ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 6 ਜ਼ਖਮੀ ਹੋ ਗਏ ਸਨ। ਇਸ ਸਬੰਧੀ ਮੁਕੱਦਮਾ ਡਵੀਜ਼ਨ-5 ਲੁਧਿਆਣਾ ਕਮਿਸ਼ਨਰੇਟ ਪੰਜਾਬ ਵਿਖੇ ਦਰਜ ਕੀਤਾ ਗਿਆ ਸੀ ਅਤੇ ਐੱਨ.ਆਈ.ਏ. ਵੱਲੋਂ 13 ਜਨਵਰੀ 2022 ਨੂੰ ਦੁਬਾਰਾ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨ ‘ਚ ਸਥਿਤ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਅੱਤਵਾਦੀ ਹੈਂਡਲਰ ਲਖਬੀਰ ਸਿੰਘ ਰੋਡੇ ਨੇ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਅਜਿਹੇ ਧਮਾਕਿਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ। ਇਸ ਯੋਜਨਾ ਨੂੰ ਅੰਜਾਮ ਦੇਣ ਲਈ ਉਸ ਨੇ ਪਾਕਿਸਤਾਨ ਆਧਾਰਿਤ ਤਸਕਰਾਂ ਨਾਲ ਮਿਲ ਕੇ ਤਸਕਰੀ ਕਰਨ, ਵੱਧ ਤੋਂ ਵੱਧ ਜਾਨੀ ਨੁਕਸਾਨ ਪਹੁੰਚਾਉਣ ਅਤੇ ਆਮ ਲੋਕਾਂ ‘ਚ ਦਹਿਸ਼ਤ ਫੈਲਾਉਣ ਲਈ ਧਮਾਕੇ ਕਰਨ ਲਈ ਭਾਰਤ ਆਧਾਰਿਤ ਕਾਰਕੁੰਨਾਂ ਦੀ ਭਰਤੀ ਕੀਤੀ। ਪੰਜਾਬ ‘ਚ ਅਜਿਹੇ ਧਮਾਕਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਨੂੰ ਅੱਗੇ ਤੋਰਦਿਆਂ ਲਖਬੀਰ ਸਿੰਘ ਰੋਡੇ ਨੇ ਪਾਕਿਸਤਾਨ ਸਥਿਤ ਸਰਹੱਦ ਪਾਰ ਤੋਂ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰ ਜ਼ੁਲਿਫ਼ਕਾਰ ਪਹਿਲਵਾਨ ਦੀ ਮਦਦ ਲਈ। ਉਸ ਨੇ ਇੰਡੀਆ ‘ਚ ਧਮਾਕੇ ਕਰਨ ਅਤੇ ਹਥਿਆਰਾਂ ਦੀ ਤਸਕਰੀ ਕਰਨ ਲਈ ਇੱਕ ਅੱਤਵਾਦੀ ਗਿਰੋਹ ਬਣਾਇਆ ਸੀ। ਲਖਬੀਰ ਸਿੰਘ ਰੋਡੇ ਨੇ ਪਾਕਿਸਤਾਨ ਸਥਿਤ ਤਸਕਰ ਜ਼ੁਲਿਫ਼ਕਾਰ ਉਰਫ਼ ਪਹਿਲਵਾਨ ਅਤੇ ਉਸਦੇ ਸਾਥੀਆਂ ਸੁਰਮੁੱਖ ਸਿੰਘ ਅਤੇ ਹਰਪ੍ਰੀਤ ਸਿੰਘ ਦੇ ਸਮੱਗਲਿੰਗ ਚੈਨਲਾਂ ਦੀ ਵਰਤੋਂ ਗਗਨਦੀਪ ਸਿੰਘ ਨੂੰ ਆਈ.ਈ.ਡੀ. ਪਹੁੰਚਾਉਣ ਲਈ ਕੀਤੀ ਸੀ ਅਤੇ ਲੁਧਿਆਣਾ ਕੋਰਟ ਕੰਪਲੈਕਸ ‘ਚ ਧਮਾਕਾ ਕਰਨ ਲਈ ਉਸ ਨੂੰ ਲਾਇਆ ਸੀ। ਇਸ ਪ੍ਰਕਿਰਿਆ ‘ਚ ਉਸਦੀ ਜਾਨ ਚਲੀ ਗਈ ਸੀ।