ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਕੁਝ ਹੀ ਘੰਟਿਆਂ ਅੰਦਰ ਪਾਰਲੀਮੈਂਟ ਤੋਂ ਅਯੋਗ ਠਹਿਰਾ ਕੇ ਮੈਂਬਰਸ਼ਿਪ ਰੱਦ ਕਰਨ ਦੇ ਰੋਸ ‘ਚ ਪੰਜਾਬ ਕਾਂਗਰਸ ਨੇ ‘ਸੰਵਿਧਾਨ ਬਚਾਓ’ ਪ੍ਰੋਗਰਾਮ ਦੀ ਲੜੀ ‘ਚ ਲੁਧਿਆਣਾ ਵਿਖੇ ਵਿਸ਼ਾਲ ਰੋਸ ਮਾਰਚ ਕੀਤਾ। ਪਰ ਹੈਰਾਨੀ ਇਸ ਗੱਲ ਦੀ ਹੋਈ ਕਿ ਇਸ ‘ਚ ਜੇਲ੍ਹ ਤੋਂ ਦਸ ਮਹੀਨੇ ਬਾਅਦ ਛੁੱਟ ਕੇ ਆਏ ਨਵਜੋਤ ਸਿੰਘ ਸਿੱਧੂ ਹਾਜ਼ਰ ਨਹੀਂ ਸਨ। ਮੀਡੀਆ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਸ ਬਾਰੇ ਸਵਾਲ ਕੀਤੇ ਜਾਣ ‘ਤੇ ਰਾਜਾ ਵੜਿੰਗ ਨੇ ਕਿਹਾ ਕਿ ਅੰਮ੍ਰਿਤਸਰ ‘ਚ ਹੋਣ ਵਾਲੇ ਪਾਰਟੀ ਪ੍ਰੋਗਰਾਮ ‘ਚ ਸ਼ਮੂਲੀਅਤ ਲਈ ਨਵਜੋਤ ਸਿੱਧੂ ਨੂੰ ਸੱਦਾ ਦਿੱਤਾ ਜਾਵੇਗਾ। ਕਾਂਗਰਸ ਦੇ ਸੂਬਾ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਚੌੜਾ ਬਾਜ਼ਾਰ ਤੋਂ ਥਾਣਾ ਡਵੀਜ਼ਨ ਨੰਬਰ-3 ਚੌਕ ਤੱਕ ਰੋਸ ਮਾਰਚ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਸਨ। ਇਸ ਦੌਰਾਨ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਜ਼ਿਸ਼ ਤਹਿਤ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ ਦਿਵਾਈ ਗਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਦੀ ਸੰਸਦੀ ਮੈਂਬਰਸ਼ਿਪ ਰੱਦ ਕਰ ਕੇ ਜਨਤਾ ਦੀ ਆਵਾਜ਼ ਦਬਾਈ ਗਈ ਹੈ। ਰਾਹੁਲ ਦੀ ਭਾਰਤ ਜੋੜੋ ਯਾਤਰਾ ਨਾਲ ਵਿਰੋਧੀ ਬੁਖਲਾਹਟ ‘ਚ ਹਨ। ਕੇਂਦਰ ਸਰਕਾਰ ਦੇ ਅਜਿਹੇ ਰਵੱਈਏ ਨਾਲ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਖਤਰਾ ਪੈਦਾ ਹੋ ਚੁੱਕਾ ਹੈ। ਦੇਸ਼ ‘ਚ ਤਾਨਾਸ਼ਾਹੀ ਹਾਵੀ ਹੋ ਰਹੀ ਹੈ। ਵੜਿੰਗ ਨੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਨੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਵਾਇਆ ਗਿਆ ਹੈ ਪਰ ਹੁਣ ਫਿਰ ਹਾਲਾਤ ਗੁਲਾਮੀ ਵਰਗੇ ਬਣਦੇ ਨਜ਼ਰ ਆ ਰਹੇ ਹਨ। ਸੁਪਰੀਮ ਕੋਰਟ ਦੇ ਦੋ ਜੱਜਾਂ ਨੇ ਵੀ ਕਿਹਾ ਸੀ ਕਿ ਸਭ ਕੁਝ ਠੀਕ ਨਹੀਂ ਹੈ। ਵੜਿੰਗ ਅਨੁਸਾਰ ਕਾਂਗਰਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਣਹਾਨੀ ਦੇ ਕੇਸ ‘ਚ ਅੱਜ ਤੱਕ ਕਿਸੇ ਨੂੰ ਦੋ ਸਾਲ ਦੀ ਸਜ਼ਾ ਨਹੀਂ ਸੁਣਾਈ ਗਈ। ਮੋਦੀ ਸਰਕਾਰ ਨੇ ਕਾਂਗਰਸ ਰਾਹੀਂ ਛੋਟੀਆਂ ਪਾਰਟੀਆਂ ਨੂੰ ਸੁਨੇਹਾ ਦਿੱਤਾ ਹੈ ਕਿ ਜੇ ਕੋਈ ਮੋਦੀ ਤੋਂ ਸਵਾਲ ਕਰੇਗਾ ਤਾਂ ਉਸ ਨੂੰ ਰਾਜਨੀਤੀ ‘ਚੋਂ ਖਤਮ ਕਰ ਦਿੱਤਾ ਜਾਵੇਗਾ। ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਵੀ ਕੇਂਦਰ ਸਰਕਾਰ ਦੀ ਰਾਹ ‘ਤੇ ਚੱਲ ਰਹੀ ਹੈ। ਕੇਂਦਰ ਸਰਕਾਰ ਈ.ਡੀ. ਦੀ ਵਰਤੋਂ ਕਰ ਰਹੀ ਹੈ ਤੇ ਸੂਬਾ ਸਰਕਾਰ ਆਗੂਆਂ ਨੂੰ ਦਬਾਉਣ ਲਈ ਵਿਜੀਲੈਂਸ ਦੀ ਵਰਤੋਂ ਕਰ ਰਹੀ ਹੈ।