ਕਾਂਗਰਸ ਦੇ ਤਾਕਤਵਰ ਨੇਤਾ ਮੰਨੇ ਜਾਂਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਤੋਂ ਹਰਾ ਕੇ ਵਿਧਾਇਕ ਬਣੇ ਗੁਰਪ੍ਰੀਤ ਗੋਗੀ ‘ਤੇ ਨਸ਼ਾ ਵਿਕਵਾਉਣ ਦੇ ਗੰਭੀਰ ਦੋਸ਼ ਲੱਗੇ ਹਨ। ਜਵਾਹਰ ਨਗਰ ਕੈਂਪ ਦੇ ਲੋਕਾਂ ਨੇ ਵਿਧਾਇਕ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਹਾਲਾਂਕਿ ਵਿਧਾਇਕ ਗੋਗੀ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਖ਼ੁਦ ਨਸ਼ੇ ਦੇ ਖ਼ਿਲਾਫ਼ ਹਨ ਤੇ ਪੁਲੀਸ ਨੂੰ ਲਗਾਤਾਰ ਨਸ਼ੇ ਖ਼ਿਲਾਫ਼ ਕਾਰਵਾਈ ਲਈ ਕਹਿੰਦੇ ਰਹਿੰਦੇ ਹਨ। ਇਸੇ ਦੌਰਾਨ ਜਦੋਂ ਵਿਧਾਇਕ ਗੋਗੀ ਨੇ ਮੀਡੀਆ ਸਾਹਮਣੇ ਹੀ ਇਲਾਕਾ ਏ.ਸੀ.ਪੀ. ਹਰੀਸ਼ ਬਹਿਲ ਨੂੰ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਦਸ ਕੁ ਲੋਕ ਪ੍ਰਦਰਸ਼ਨ ਕਰ ਰਹੇ ਹਨ ਜਿਨ੍ਹਾਂ ਨੂੰ ਉਥੋਂ ਭੇਜ ਦਿੱਤਾ ਗਿਆ ਹੈ। ਜਵਾਹਰ ਨਗਰ ਕੈਂਪ ਵਾਸੀ ਮਨਿੰਦਰ ਸਿੰਘ ਗੋਲਡੀ ਤੇ ਬਲਵਿੰਦਰ ਡੁਲਗੱਚ ਦੀ ਅਗਵਾਈ ‘ਚ ਪੁਲੀਸ ਕਮਿਸ਼ਨਰ ਦਫ਼ਤਰ ਪੁੱਜੇ ਅਤੇ ਵਿਧਾਇਕ ਗੋਗੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਲੋਕਾਂ ਨੇ ਦੋਸ਼ ਲਾਇਆ ਕਿ ਵਿਧਾਇਕ ਗੋਗੀ ਦੀ ਸ਼ੈਅ ‘ਤੇ ਉਨ੍ਹਾਂ ਦੇ ਇਲਾਕੇ ‘ਚ ਨਸ਼ਾ ਵਿਕ ਰਿਹਾ ਹੈ। ਪਹਿਲਾਂ ਤਾਂ ਪੁਲੀਸ ਕਿਸੇ ਤਸਕਰ ਨੂੰ ਫੜਦੀ ਹੀ ਨਹੀਂ, ਜੇਕਰ ਲੋਕ ਖ਼ੁਦ ਤਸਕਰ ਕਾਬੂ ਕਰ ਕੇ ਪੁਲੀਸ ਹਵਾਲੇ ਕਰਦੇ ਹਨ ਤਾਂ ਵਿਧਾਇਕ ਦੀ ਕਥਿਤ ਸਿਫ਼ਾਰਸ਼ ‘ਤੇ ਉਸ ਨੂੰ ਛੱਡ ਦਿੱਤਾ ਜਾਂਦਾ ਹੈ। ਇਲਾਕਾ ਵਾਸੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਮਿਸ਼ਨਰ ਨੂੰ ਕਿਹਾ ਕਿ ਉਹ ਪੁਲੀਸ ਦੀਆਂ ਟੀਮਾਂ ਨੂੰ ਉਨ੍ਹਾਂ ਨਾਲ ਭੇਜਣ, ਉਹ ਖ਼ੁਦ ਨਸ਼ਾ ਤਸਕਰਾਂ ਨੂੰ ਫੜਾਉਣਗੇ। ਲੋਕਾਂ ਨੇ ਦੋਸ਼ ਲਾਇਆ ਪੁਲੀਸ ਵਿਧਾਇਕਾਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ‘ਚ ਸ਼ਾਮਲ ਮਹਿਲਾ ਰਾਜ ਨੇ ਕਿਹਾ ਕਿ ਨਸ਼ੇ ਕਾਰਨ ਬੱਚੇ ਮਰ ਰਹੇ ਹਨ ਪਰ ਸਰਕਾਰ ਕੁਝ ਨਹੀਂ ਕਰ ਰਹੀ।