ਪਰਬਤਾਰੋਹੀ ਬਲਜੀਤ ਕੌਰ ਦੇ ਪਹਿਲਾਂ ਲਾਪਤਾ ਹੋਣ ਅਤੇ ਬਾਅਦ ‘ਚ ਉਸ ਦੀ ਮੌਤ ਦੀ ਖ਼ਬਰ ਆ ਗਈ ਹੈ ਪਰ ਇਕ ਦਿਨ ਬਾਅਦ ਉਹ ਜ਼ਿੰਦਾ ਮਿਲ ਗਈ ਹੈ। ਰਿਕਾਰਡਧਾਰੀ ਭਾਰਤੀ ਮਹਿਲਾ ਪਰਬਤਾਰੋਹੀ ਬਲਜੀਤ ਕੌਰ ਦੀ ਮਾਊਂਟ ਅੰਨਪੂਰਨਾ ਦੇ ਕੈਂਪ ਚਾਰ ਨੇੜੇ ਸਿਖਰ ਸਥਾਨ ਤੋਂ ਉਤਰਦੇ ਸਮੇਂ ਲਾਪਤਾ ਹੋ ਗਈ ਸੀ। ਉਸ ਦੀ ਮੌਤ ਹੋਣ ਦੀਆਂ ਰਿਪੋਰਟਾਂ ਆਈਆਂ ਸਨ। ਇੰਡੀਆ ਦੇ ਰਾਜਸਥਾਨ ਦੇ ਕਿਸ਼ਨਗੜ੍ਹ ਦਾ ਰਹਿਣ ਵਾਲਾ ਇਕ ਹੋਰ ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ (34) ਵੀ ਉਸੇ ਪਹਾੜ ‘ਚ ਕੈਂਪ ਤਿੰਨ ਤੋਂ ਉਤਰਦੇ ਸਮੇਂ 6,000 ਮੀਟਰ ਤੋਂ ਹੇਠਾਂ ਡਿੱਗਣ ਤੋਂ ਬਾਅਦ ਲਾਪਤਾ ਹੋ ਗਿਆ ਸੀ। ਉਸ ਦੀ ਹਾਲੇ ਭਾਲ ਜਾਰੀ ਹੈ। ਬਲਜੀਤ ਕੌਰ ਨੇ 9 ਅਪ੍ਰੈਲ ਨੂੰ ਟਵਿੱਟਰ ‘ਤੇ ਫੋਟੋ ਪੋਸਟ ਕੀਤੀ ਸੀ, ਜਿਸ ‘ਚ ਉਸ ਨੇ ਕਿਹਾ ਸੀ ਕਿ ਉਹ ਅੰਨਪੂਰਨਾ ਦੇ ਬੇਸ ਕੈਂਪ ‘ਚ ਆਰਾਮ ਕਰ ਰਹੀ ਹੈ। ਹਿਮਾਚਲ ਦੀ 27 ਸਾਲਾ ਪਰਬਤਾਰੋਹੀ ਬਿਨਾਂ ਆਕਸੀਜਨ ਤੋਂ ਮਾਊਂਟ ਮਨਾਸਲੂ ਦੀ ਚੋਟੀ ਸਰ ਕਰਨ ਵਾਲੀ ਪਹਿਲੀ ਭਾਰਤੀ ਔਰਤ ਹੈ। ਉਹ ਮਹੀਨੇ ਤੋਂ ਵੀ ਘੱਟ ਸਮੇਂ ‘ਚ ਚਾਰ 8,000 ਮੀਟਰ ਦੀਆਂ ਚੋਟੀਆਂ ਨੂੰ ਸਰ ਕਰਨ ਵਾਲੀ ਪਹਿਲੀ ਭਾਰਤੀ ਪਰਬਤਾਰੋਹੀ ਹੈ। ਪਾਇਨੀਅਰ ਐਡਵੈਂਚਰ ਦੇ ਚੇਅਰਮੈਨ ਪਾਸਾਂਗ ਸ਼ੇਰਪਾ ਨੇ ਇਸ ਤੋਂ ਪਹਿਲਾਂ ਕਹਿ ਦਿੱਤਾ ਸੀ ਕਿ ਲਾਪਤਾ ਬਲਜੀਤ ਕੌਰ ਦੀ ਮੌਤ ਹੋ ਗਈ ਹੈ। ਪਰ ਇਕ ਦਿਨ ਬਾਅਦ ਅੱਜ ਉਸ ਦੇ ਜਿਊਂਦੇ ਹੋਣ ਦੀ ਖ਼ਬਰ ਸਾਹਮਣੇ ਆਈ ਕਿਉਂਕਿ ਉਸ ਦੇ ਰੇਡੀਓ ਨਾਲ ਸੰਪਰਕ ਹੋਇਆ। ਪਹਿਲੀ ਰਿਪੋਰਟ ਮੁਤਾਬਕ ਸ਼ੇਰਪਾ ਨੇ ਕਿਹਾ ਕਿ ‘ਅਸੀਂ ਬਲਜੀਤ ਦੀ ਭਾਲ ਲਈ ਹੁਣੇ ਹੀ ਤਿੰਨ ਹੈਲੀਕਾਪਟਰ ਭੇਜੇ ਹਨ। ਹਾਲਾਂਕਿ, ਉਹ ਅਜੇ ਵੀ ਲਾਪਤਾ ਹੈ।’ ਹਿਮਾਚਲ ਦੀ ਇਸ ਪਰਬਤਾਰੋਹੀ ਦੇ ਨਾਮ ਕਈ ਰਿਕਾਰਡ ਸਨ। 27 ਸਾਲਾ ਕੌਰ ਨੇ ਬਿਨਾਂ ਆਕਸੀਜਨ ਦੇ ਮਾਊਂਟ ਮਨਾਸਲੂ ਦੀ ਚੋਟੀ ਸਰ ਕਰਨ ਵਾਲੀ ਪਹਿਲੀ ਭਾਰਤੀ ਔਰਤ ਦਾ ਰਿਕਾਰਡ ਤੋੜਿਆ, ਅਸਲੀ ਮਾਊਂਟ ਮਨਾਸਲੂ ਦੀ ਚੋਟੀ ਸਰ ਕਰਨ ਵਾਲੀ ਪਹਿਲੀ ਭਾਰਤੀ ਔਰਤ ਅਤੇ ਬਿਨਾਂ ਆਕਸੀਜਨ ਦੇ ਮਾਊਂਟ ਮਨਾਸਲੂ ਦੀ ਚੋਟੀ ਸਰ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਔਰਤ ਬਣੀ। ਸੇਵਨ ਸਮਿਟ ਟ੍ਰੇਕਸ ਦੇ ਪ੍ਰਧਾਨ ਮਿੰਗਮਾ ਸ਼ੇਰਪਾ ਨੇ ਕਿਹਾ ਕਿ ਸਰਦੀਆਂ ‘ਚ ਕੇ-2 ਦੇ ਸਿਖਰ ‘ਤੇ ਪਹੁੰਚਣ ਵਾਲੇ ਪਹਿਲੇ ਆਇਰਿਸ਼ ਵਿਅਕਤੀ ਨੋਏਲ ਹੈਨਾ ਨੇ ਬੀਤੀ ਰਾਤ ਕੈਂਪ ਚਾਰ ਵਿਖੇ ਆਖਰੀ ਸਾਹ ਲਿਆ। ਪ੍ਰਬੰਧਕਾਂ ਨੇ ਦੱਸਿਆ ਕਿ ਉਸ ਦੀ ਮ੍ਰਿਤਕ ਦੇਹ ਨੂੰ ਬੇਸ ਕੈਂਪ ‘ਚ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਨਪੂਰਨਾ ਪਹਾੜ ਦੁਨੀਆ ਦਾ ਦਸਵਾਂ ਸਭ ਤੋਂ ਉੱਚਾ ਪਹਾੜ ਹੈ, ਜੋ ਸਮੁੰਦਰ ਤਲ ਤੋਂ 8,091 ਮੀਟਰ ਦੀ ਉਚਾਈ ‘ਤੇ ਸਥਿਤ ਹੈ।