ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਪੰਜਾਬ ਪੁਲੀਸ ਵੱਲੋਂ ਤਿਹਾਡ਼ ਜੇਲ੍ਹ ਤੋਂ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੰਗਲਵਾਰ ਨੂੰ ਅੰਮ੍ਰਿਤਸਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਡਿਊਟੀ ਮੈਜਿਸਟ੍ਰੇਟ ਸਪਿੰਦਰ ਸਿੰਘ ਨੇ ਬਿਸ਼ਨੋਈ ਨੂੰ 8 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਬਾਅਦ ਮੁਲਜ਼ਮਾਂ ਨੂੰ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਲਿਜਾਇਆ ਜਾਵੇਗਾ ਜੋ ਕਿ ਪੰਜਾਬ ਦਾ ਇਕਲੌਤਾ ਇੰਟੈਰੋਗੇਸ਼ਨ ਸੈਂਟਰ ਹੈ ਜਿੱਥੇ ਖ਼ਤਰਨਾਕ ਅਪਰਾਧੀਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ। ਕੰਦੋਵਾਲੀਆ ਕਤਲ ਕੇਸ ’ਚ ਥਾਣਾ ਮਜੀਠਾ ਰੋਡ ਦੀ ਪੁਲੀਸ ਨੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ, ਬਿਸ਼ਨੋਈ ਤੇ ਇਕ ਦਰਜਨ ਸ਼ਾਰਪ ਸ਼ੂਟਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਲਾਰੈਂਸ ਦੀ ਅਦਾਲਤ ’ਚ ਪੇਸ਼ੀ ਤੋਂ ਪਹਿਲਾਂ ਪੁਲੀਸ ਨੇ ਜ਼ਿਲ੍ਹਾ ਅਦਾਲਤ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਸਨ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ’ਚ ਮਾਨਸਾ ਪੁਲੀਸ ਨੇ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਕੇ ਗੈਂਗਸਟਰ ਸਾਰਜ ਤੋਂ ਪੁੱਛਗਿੱਛ ਕੀਤੀ ਸੀ। ਅਦਾਲਤ ਨੇ ਪੁੱਛਗਿੱਛ ਲਈ ਸਾਰਜ ਦਾ ਚਾਰ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪਿਤਾ ਨੇ ਸੁਪਰੀਮ ਕੋਰਟ ’ਚ ਪਹੁੰਚ ਕੀਤੀ ਹੈ। ਉਸ ਨੇ ਸ਼ਿਕਾਇਤ ਕੀਤੀ ਹੈ ਕਿ ਪੰਜਾਬ ’ਚ ਵਕੀਲ ਉਸ ਦੇ ਪੁੱਤਰ ਦਾ ਬਾਈਕਾਟ ਕਰ ਰਹੇ ਹਨ। ਉਹ ਉਸਦਾ ਕੇਸ ਲਡ਼ਨ ਲਈ ਤਿਆਰ ਨਹੀਂ ਹਨ।