ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਗੋਦ ਲਈ ਧੀ ਹਨੀਪ੍ਰੀਤ ਨੂੰ ਧਮਕੀ ਦੇ ਕੇ ਫਿਰੌਤੀ ਮੰਗਣ ਵਾਲਾ ਡੇਰੇ ਦਾ ਹੀ ਸ਼ਰਧਾਲੂ ਨਿਕਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ‘ਤੇ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਹਨੀਪ੍ਰੀਤ ਤੋਂ 50 ਲੱਖ ਦੀ ਫਿਰੌਤੀ ਮੰਗਣ ਦਾ ਦੋਸ਼ ਹੈ। ਪੁਲੀਸ ਨੇ ਭਾਵੇਂ ਗ੍ਰਿਫ਼ਤਾਰ ਕਰਕੇ ਰਿਮਾਂਡ ‘ਤੇ ਲੈ ਲਿਆ ਹੈ ਪਰ ਹੁਣ ਮੁਲਜ਼ਮ ਦੀ ਇਕ ਵਾਇਰ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਾਇਰਲ ਵੀਡੀਓ ‘ਚ ਮੁਲਜ਼ਮ ਜਿਥੇ ਪੰਚਕੂਲਾ ‘ਚ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਵਾਲੇ ਅਗਸਤ 2017 ਹੋਈ ਹਿੰਸਾ ‘ਚ ਝੂਠਾ ਫਾਉਣ ਦੀ ਗੱਲ ਕਹਿ ਰਿਹਾ ਹੈ ਉਥੇ ਹੀ ਬਰਗਾੜੀ ਬੇਅਦਬੀ ਮਾਮਲੇ ‘ਚ ਵੀ ਝੂਠਾ ਫਸਾਏ ਜਾਣ ਦੀ ਗੱਲ ਕਹਿ ਰਿਹਾ ਹੈ। ਫਿਲਹਾਲ ਪੁਲੀਸ ਮੁਲਜ਼ਮ ਪੁਲੀਸ ਰਿਮਾਂਡ ‘ਤੇ ਹੈ। ਜਾਣਕਾਰੀ ਅਨੁਸਾਰ ਬੀਤੀ ਪੰਜ ਅਪ੍ਰੈਲ ਨੂੰ ਇਕ ਵਟਸਅੱਪ ਦੇ ਜਰੀਏ ਡੇਰਾ ਮੁਖੀ ਦੀ ਗੋਦ ਲਈ ਧੀ ਹਨੀਪ੍ਰੀਤ ਤੋਂ ਕਥਿਤ ਤੌਰ ‘ਤੇ ਆਪਣੇ ਆਪ ਨੂੰ ਲਾਰੇਂਸ ਬਿਸ਼ਨੋਈ ਦਾ ਬੰਦਾ ਦੱਸ ਕੇ ਪੰਜਾਹ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਏ.ਐਸ.ਪੀ. ਦੀਪਤੀ ਗਰਗ ਨੇ ਇਸ ਸਬੰਧੀ ਦੱਸਿਆ ਹੈ ਕਿ ਹਨੀਪ੍ਰੀਤ ਵੱਲੋਂ ਪੁਲੀਸ ਕੋਲ ਸ਼ਿਕਾਇਤ ਕਰਕੇ ਦੱਸਿਆ ਗਿਆ ਸੀ ਕਿ ਪੰਜ ਅਪ੍ਰੈਲ ਨੂੰ ਵਟਸਅੱਪ ਦੇ ਜ਼ਰੀਏ ਉਸ ਤੋਂ ਪੰਜਾਹ ਲੱਖ ਦੀ ਫਿਰੌਤੀ ਮੰਗੀ ਗਈ ਸੀ। ਪੁਲੀਸ ਨੇ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਗਿਫ਼ਤਾਰ ਕੀਤਾ ਗਿਆ ਜਿਸ ਦੀ ਪਛਾਣ ਪ੍ਰਦੀਪ ਕੁਮਾਰ ਵਾਸੀ ਵਾਰਡ ਨੰਬਰ 21 ਡੱਬਵਾਲੀ ਵਜੋਂ ਕੀਤੀ ਗਈ। ਪੁਲੀਸ ਨੇ ਦੱਸਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਖ਼ਿਲਾਫ਼ ਪਹਿਲਾਂ ਕੇਸ ਦਰਜ ਹੈ। ਪੁਲੀਸ ਮੁਲਜ਼ਮ ਦਾ ਅਪਰਾਧਿਕ ਰਿਕਾਰਡ ਲੱਭ ਰਹੀ ਹੈ। ਪੁਲੀਸ ਵੱਲੋਂ ਮੁਲਜ਼ਮ ਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡ ‘ਤੇ ਲਿਆ ਹੈ। ਫਿਲਹਾਲ ਪੁਲੀਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।