ਆਮਿਰ ਖਾਨ ਦੀ ਨਵੀਂ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਸ਼ਿਵ ਸੈਨਾ ਸਮੇਤ ਕੁਝ ਹੋਰ ਹਿੰਦੂ ਜਥੇਬੰਦੀਆਂ ਵੱਲੋਂ ਵਿਰੋਧ ਜਾਰੀ ਹੈ। ਧਰਮ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਫ਼ਿਲਮ ਵਿਚਲੇ ਇਕ ਡਾਇਲਾਗ ‘ਮਜ਼ਹਬ ਨਾਲ ਮਲੇਰੀਆ ਫੈਲਦਾ ਹੈ’ ਤੋਂ ਸ਼ਾਇਦ ਇਤਰਾਜ਼ ਹੋ ਸਕਦਾ ਹੈ। ਇਸ ਫ਼ਿਲਮ ਕਰਕੇ ਜਲੰਧਰ ‘ਚ ਸਥਿਤੀ ਤਣਾਅ ਵਾਲੀ ਬਣ ਗਈ। ਐੱਮ.ਬੀ.ਡੀ. ਮਾਲ ਦੇ ਬਾਹਰ ਸ਼ਿਵ ਸੈਨਾ ਦੇ ਕਾਰਕੁਨਾਂ ਇਕੱਠੇ ਹੋ ਗਏ ਅਤੇ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਬੌਲੀਵੁੱਡ ਅਦਾਕਾਰ ਨੇ ਆਪਣੀ ਪਿਛਲੀ ਫ਼ਿਲਮ ‘ਪੀ.ਕੇ’ ਵਿੱਚ ਕਥਿਤ ਤੌਰ ‘ਤੇ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕੀਤਾ ਸੀ। ਸ਼ਿਵ ਸੈਨਾ ਕਾਰਕੁਨਾਂ ਨੇ ਕਿਹਾ ਕਿ ਉਹ ਸ਼ਹਿਰ ਦੇ ਕਿਸੇ ਵੀ ਮਲਟੀਪਲੈਕਸ ਆਪ੍ਰੇਟਰ ਨੂੰ ਫ਼ਿਲਮ ਨਹੀਂ ਚਲਾਉਣ ਦੇਣਗੇ। ਇਸੇ ਦੌਰਾਨ ਸਿੱਖ ਤਾਲਮੇਲ ਕਮੇਟੀ ਦੇ ਕਾਰਕੁਨ ਵੀ ਮਾਲ ‘ਚ ਪੁੱਜ ਗਏ ਅਤੇ ਉਨ੍ਹਾਂ ਸ਼ਿਵ ਸੈਨਾ ਆਗੂਆਂ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਅਜਿਹੀ ‘ਗੁੰਡਾਗਰਦੀ’ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਫ਼ਿਲਮ ‘ਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ ਅਤੇ ਅੱਠ ਸਾਲ ਪਹਿਲਾਂ ਰਿਲੀਜ਼ ਹੋਈ ਫ਼ਿਲਮ ਦੇ ਆਧਾਰ ‘ਤੇ ਇਸ ਫ਼ਿਲਮ ਦਾ ਬਾਈਕਾਟ ਕਰਨਾ ਜਾਂ ਇਸ ‘ਤੇ ਪਾਬੰਦੀ ਦੀ ਮੰਗ ਕਰਨਾ ਠੀਕ ਨਹੀਂ ਹੈ।