ਇੰਡੀਆ ਦੀ ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (75 ਕਿਲੋ ਭਾਰ ਵਰਗ) ਤੇ ਪਰਵੀਨ ਹੁੱਡਾ (63 ਕਿਲੋ ਭਾਰ ਵਰਗ) ਨੇ ਜਾਰਡਨ ਦੇ ਓਮਾਨ ‘ਚ ਚੱਲ ਰਹੀ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਸੋਨ ਤਗ਼ਮੇ ਜਿੱਤੇ ਹਨ। ਓਲੰਪਿਕ ਖੇਡਾਂ ‘ਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਲਵਲੀਨਾ ਨੇ ਉਜ਼ਬੇਕਿਸਤਾਨ ਦੀ ਰੂਜਮੇਤੋਵਾ ਸੋਖੀਬਾ ਨੂੰ 5-0 ਨਾਲ ਮਾਤ ਦਿੱਤੀ ਜਦੋਂ ਕਿ ਪਰਵੀਨ ਨੇ ਜਾਪਾਨ ਦੀ ਮੁੱਕੇਬਾਜ਼ ਕਿਟੋ ਮਾਈ ਨੂੰ ਵੀ 5-0 ਨਾਲ ਹਰਾਇਆ। ਇਸੇ ਤਰ੍ਹਾਂ ਭਾਰਤੀ ਮੁੱਕੇਬਾਜ਼ ਮੀਨਾਕਸ਼ੀ ਨੇ ਏਸ਼ੀਅਨ ਚੈਂਪੀਅਨਸ਼ਿਪ ਦੇ ਫਲਾਈਵੇਟ ਵਰਗ (52 ਕਿਲੋ) ‘ਚ ਚਾਂਦੀ ਦਾ ਤਗ਼ਮਾ ਜਿੱਤਿਆ। 25 ਵਰ੍ਹਿਆਂ ਦੀ ਲਵਲੀਨਾ ਟੋਕੀਓ ਓਲੰਪਿਕ ‘ਚ ਕਾਂਸੇ ਦਾ ਤਗ਼ਮਾ ਜਿੱਤਣ ਮਗਰੋਂ ਖਰਾਬ ਫਾਰਮ ‘ਚ ਚੱਲ ਰਹੀ ਸੀ ਤੇ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਸੋਨ ਤਗ਼ਮਾ ਜਿੱਤਣ ਨਾਲ ਉਸ ਦਾ ਮਨੋਬਲ ਵਧਿਆ ਹੈ। ਅਸਾਮ ਦੀ ਇਸ ਮੁੱਕੇਬਾਜ਼ ਨੇ ਖੇਡ ਦੌਰਾਨ ਉਜ਼ਬੇਕਿਸਤਾਨ ਦੀ ਮੁੱਕੇਬਾਜ਼ ਰੂਜਮੇਤੋਵਾ ਸੋਖੀਬਾ ਖ਼ਿਲਾਫ਼ ਸ਼ੁਰੂ ਤੋਂ ਹੀ ਦਬਾਅ ਕਾਇਮ ਰੱਖਿਆ। ਇਸੇ ਤਰ੍ਹਾਂ ਪਰਵੀਨ ਨੇ ਵੀ ਜਾਪਾਨ ਦੀ ਮੁੱਕੇਬਾਜ਼ ਕਿਟੋ ਮਾਈ ਖ਼ਿਲਾਫ਼ ਹਮਲਾਵਰ ਰੁਖ਼ ਅਪਣਾਉਂਦਿਆਂ ਸੋਨ ਤਗਮੇ ‘ਤੇ ਕਬਜ਼ਾ ਕੀ਼ਤਾ। ਪਹਿਲਾ ਰਾਊਂਡ ਗੁਆਉਣ ਮਗਰੋਂ ਕਿਟੋ ਮਾਈ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਪਰਵੀਨ ਨੇ ਉਸ ਨੂੰ ਜਿੱਤ ਲਈ ਕੋਈ ਮੌਕਾ ਨਹੀਂ ਦਿੱਤਾ। ਦੂਜੇ ਪਾਸੇ ਮੁੱਕੇਬਾਜ਼ ਮੀਨਾਕਸ਼ੀ ਫਲਾਈਵੇਟ ਵਰਗ ਦੇ ਫਾਈਨਲ ਮੁਕਾਬਲੇ ‘ਚ ਜਪਾਨ ਦੀ ਕਿਨੋਸ਼ਿਤਾ ਰਿੰਕਾ ਤੋਂ 1-4 ਨਾਲ ਹਾਰ ਗਈ ਤੇ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਜਪਾਨ ਦੀ ਖਿਡਾਰਨ ਨੇ ਮੀਨਾਕਸ਼ੀ ਵੱਲੋਂ ਕੀਤੀ ਗਈ ਧੀਮੀ ਸ਼ੁਰੂਆਤ ਦਾ ਪੂਰਾ ਲਾਹਾ ਲਿਆ। ਦੂਸਰੇ ਦੌਰ ‘ਚ ਵੀ ਮੀਨਾਕਸ਼ੀ ਸਹੀ ਤਰ੍ਹਾਂ ਮੁੱਕੇ ਨਹੀਂ ਜੜ ਸਕੀ। ਅੰਤਿਮ ਤਿੰਨ ਮਿੰਟਾਂ ‘ਚ ਮੀਨਾਕਸ਼ੀ ਨੇ ਵਾਪਸੀ ਕੀਤੀ ਪਰ ਫਿਰ ਵੀ ਉਸ ਨੂੰ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।