ਟੋਕੀਓ ਓਲੰਪਿਕਸ ਦੀ ਕਾਂਸੇ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ (75 ਕਿਲੋ) ਨੇ ਮਹਿਲਾ ਵਰਲਡ ਚੈਂਪੀਅਨਸ਼ਿਪ ‘ਚ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੁਆਰਟਰ ਫਾਈਨਲ ‘ਚ ਜਗ੍ਹਾ ਪੱਕੀ ਕਰ ਲਈ ਹੈ। ਲਵਲੀਨਾ ਦੇ ਨਾਲ ਸਾਕਸ਼ੀ (54 ਕਿਲੋ) ਨੇ ਵੀ 5-0 ਦੀ ਜਿੱਤ ਦਰਜ ਕਰਦਿਆਂ ਆਖ਼ਰੀ ਅੱਠ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਲਵਲੀਨਾ ਨੇ ਮੈਕਸੀਕੋ ਦੀ ਵਨੇਸਾ ਓਰਟਿਜ਼ ਜਦਕਿ ਸਾਕਸ਼ੀ ਨੇ ਕਜ਼ਾਖਸਤਾਨ ਦੀ ਜ਼ਜ਼ੀਰਾ ਓਰਾਬਾਯੇਵਾ ਨੂੰ ਹਰਾਇਆ। ਹਾਲਾਂਕਿ ਭਾਰਤੀ ਮੁਹਿੰਦ ਨੂੰ ਪ੍ਰੀਤੀ ਦੀ ਹਾਰ ਨਾਲ ਝਟਕਾ ਲੱਗਿਆ। ਟੂਰਨਾਮੈਂਟ ਲਈ ਭਾਰਤੀ ਟੀਮ ‘ਚ ਪ੍ਰੀਤੀ ਦੀ ਜਗ੍ਹਾ ਸਬੰਧੀ ਵਿਵਾਦ ਹੋ ਗਿਆ ਸੀ ਕਿਉਂਕਿ ਉਸ ਨੇ ਕੌਮੀ ਚੈਂਪੀਅਨਸ਼ਿਪ ‘ਚ ਖਿਤਾਬ ਨਹੀਂ ਜਿੱਤਿਆ ਸੀ। ਪ੍ਰੀਤੀ ਨੇ 54 ਕਿਲੋ ਭਾਰ ਵਰਗ ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਪਰ ਪਿਛਲੇ ਸਾਲ ਦੀ ਚਾਂਦੀ ਦਾ ਤਗ਼ਮਾ ਜੇਤੂ ਥਾਈਲੈਂਡ ਦੀ ਜਿਤਪੋਂਗ ਜੂਟਾਮਾਸ ਤੋਂ ਮੁਕਾਬਲੇ ‘ਚ ਹਾਰ ਗਈ। ਥਾਈਲੈਂਡ ਦੀ ਖਿਡਾਰਨ ਨੇ ਪ੍ਰੀਤੀ ਨੂੰ 4-3 ਨਾਲ ਹਰਾਇਆ। ਇਹ ਮੁਕਾਬਲਾ ਇੰਨਾ ਕਰੀਬੀ ਸੀ ਕਿ ਆਖ਼ਰੀ ਨਤੀਜੇ ਲਈ ਰੀਵਿਊ ਦਾ ਸਹਾਰਾ ਲੈਣਾ ਪਿਆ। ਇੰਡੀਆ ਦੀ ਸਾਕਸ਼ੀ (52 ਕਿੱਲੋਗ੍ਰਾਮ) ਨੇ ਕਜ਼ਾਕਿਸਤਾਨ ਦੀ ਜਜੀਰਾ ਉਰਾਬਾਇਵਾ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ। ਏਸ਼ੀਅਨ ਚੈਂਪੀਅਨਸ਼ਿਪ 2021 ਦੀ ਕਾਂਸੇ ਦਾ ਮੈਡਲ ਜੇਤੂ ਸਾਕਸ਼ੀ ਨੇ ਆਪਣੇ ਕੱਦ ਦਾ ਪੂਰਾ ਫ਼ਾਇਦਾ ਉਠਾਉਂਦੇ ਹੋਏ ਵਿਰੋਧੀ ਮੁੱਕੇਬਾਜ਼ ‘ਤੇ ਦਮਦਾਰ ਮੁੱਕੇ ਜੜੇ। ਉਸ ਨੇ ਉਸ ਨੂੰ ਜਵਾਬੀ ਹਮਲੇ ਦਾ ਮੌਕਾ ਨਹੀਂ ਦਿੱਤਾ। ਉਸ ਨੇ ਜਿੱਤ ਤੋਂ ਬਾਅਦ ਕਿਹਾ ਕਿ ਮੈਂ ਉਮੀਦ ਤੋਂ ਬਿਹਤਰ ਖੇਡ ਦਿਖਾਈ। ਉਹ ਚੰਗੀ ਮੁੱਕੇਬਾਜ਼ ਹੈ ਤੇ ਮੈਨੂੰ ਲੱਗਾ ਕਿ ਇਹ ਫਸਵਾਂ ਮੁਕਾਬਲਾ ਹੋਵੇਗਾ ਪਰ ਮੈਂ ਹਾਵੀ ਰਹੀ।