20 ਕਿਲੋਮੀਟਰ ਪੈਦਲ ਚਾਲ ਦੇ ਇੰਡੀਅਨ ਐਥਲੀਟ ਵਿਕਾਸ ਸਿੰਘ ਅਤੇ ਪਰਮਜੀਤ ਸਿੰਘ ਬਿਸ਼ਟ ਨੇ ਏਸ਼ੀਅਨ ਚੈਂਪੀਅਨਸ਼ਿਪ ‘ਚ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿ ਕੇ 2024 ਪੈਰਿਸ ਓਲੰਪਿਕ ਅਤੇ 2023 ਵਰਲਡ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ। ਵਿਕਾਸ ਅਤੇ ਪਰਮਜੀਤ ਨੇ ਏਸ਼ੀਅਨ 20 ਕਿਲੋਮੀਟਰ ਪੈਦਲ ਚਾਲ ਚੈਂਪੀਅਨਸ਼ਿਪ ਦੇ ਪੁਰਸ਼ ਵਰਗ ‘ਚ ਕ੍ਰਮਵਾਰ 1:20:05 ਸਕਿੰਟ ਅਤੇ 1:20:08 ਸਕਿੰਟ ਦੇ ਨਾਲ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਚੀਨ ਦੇ ਕਿਆਨ ਹਾਈਫੇਂਗ (1:19:09) ਨੇ ਪਹਿਲਾ ਸਥਾਨ ਹਾਸਲ ਕੀਤਾ। ਪੈਰਿਸ ‘ਚ ਹੋਣ ਵਾਲੀਆਂ 2024 ਓਲੰਪਿਕ ਖੇਡਾਂ ਅਤੇ ਇਸ ਸਾਲ ਅਗਸਤ ‘ਚ ਹੰਗਰੀ ਦੇ ਬੁਡਾਪੇਸਟ ‘ਚ ਹੋਣ ਵਾਲੀ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫਾਇੰਗ ਮਾਰਕ 1:20:10 ਹੈ ਅਤੇ ਦੋਵੇਂ ਭਾਰਤੀ ਖਿਡਾਰੀਆਂ ਨੇ ਇਸ ਨੂੰ ਘੱਟ ਫਰਕ ਨਾਲ ਹਾਸਲ ਕੀਤਾ ਹੈ। ਅਕਸ਼ਦੀਪ ਸਿੰਘ, ਜਿਸ ਨੇ ਪਿਛਲੇ ਮਹੀਨੇ ਰਾਸ਼ਟਰੀ ਚੈਂਪੀਅਨਸ਼ਿਪ ਜਿੱਤ ਕੇ ਓਲੰਪਿਕ ਅਤੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਸੀ, 1:20:57 ਦਾ ਸਮਾਂ ਕੱਢਿਆ ਤੇ ਪੰਜਵੇਂ ਸਥਾਨ ‘ਤੇ ਰਿਹਾ। ਪ੍ਰਤੀਯੋਗਿਤਾ ਦੇ ਨਿਯਮਾਂ ਦੇ ਅਨੁਸਾਰ, ਕੋਈ ਦੇਸ਼ ਅਧਿਕਾਰਤ ਐਂਟਰੀਆਂ ਤੋਂ ਇਲਾਵਾ ਓਪਨ ਸ਼੍ਰੇਣੀ ਦੇ ਖਿਡਾਰੀਆਂ ਨੂੰ ਭੇਜ ਸਕਦਾ ਹੈ, ਪਰ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਅਧਿਕਾਰਤ ਨਹੀਂ ਮੰਨਿਆ ਜਾਵੇਗਾ। ਇੰਡੀਆ ਨੇ ਓਪਨ ਵਰਗ ‘ਚ ਚਾਰ ਪੁਰਸ਼ ਅਤੇ ਤਿੰਨ ਮਹਿਲਾ ਖਿਡਾਰੀਆਂ ਨੂੰ ਭੇਜਿਆ ਸੀ। ਪੁਰਸ਼ ਵਰਗ ‘ਚ ਦੋ ਹੋਰ ਭਾਰਤੀਆਂ ਸੂਰਜ ਪੰਵਾਰ ਅਤੇ ਹਰਦੀਪ ਨੇ ਕ੍ਰਮਵਾਰ 1:22:31 ਅਤੇ 1:25:38 ਦਾ ਸਮਾਂ ਕੱਢਿਆ। ਮਹਿਲਾ ਵਰਗ ‘ਚ ਪ੍ਰਿਅੰਕਾ ਗੋਸਵਾਮੀ, ਜਿਸ ਨੇ ਪਿਛਲੇ ਮਹੀਨੇ ਰਾਸ਼ਟਰੀ ਚੈਂਪੀਅਨਸ਼ਿਪ ਜਿੱਤ ਕੇ ਓਲੰਪਿਕ ਅਤੇ ਵਰਲਡ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਸੀ, ਨੇ ਔਰਤਾਂ ਲਈ ਅਧਿਕਾਰਤ ਐਂਟਰੀ ਸ਼੍ਰੇਣੀ ‘ਚ 1:32:27 ਦਾ ਸਮਾਂ ਕੱਢਿਆ। ਉਹ ਕੁੱਲ ਮਿਲਾ ਕੇ ਚੌਥੇ ਸਥਾਨ ‘ਤੇ ਰਹੀ। ਓਪਨ ਵਰਗ ‘ਚ ਇੰਡੀਆ ਦੀ ਮੁਨੀਤਾ ਪਜਾਪਤੀ ਅਤੇ ਭਾਵਨਾ ਜਾਟ ਨੇ ਕ੍ਰਮਵਾਰ 1:33:22 ਅਤੇ 1:36:20 ਦਾ ਸਮਾਂ ਕੱਢਿਆ ਤੇ ਉਹ ਓਲੰਪਿਕ ਅਤੇ ਵਰਲਡ ਚੈਂਪੀਅਨਸ਼ਿਪ ਦੇ ਕੁਆਲੀਫਾਇੰਗ ਮਾਰਕ 1:29:20 ਤੋਂ ਵੱਡੇ ਫਰਕ ਨਾਲ ਖੁੰਝ ਗਈਆਂ। ਇਸ ਤਰ੍ਹਾਂ ਇੰਡੀਆ ਦੇ ਚਾਰ ਐਥਲੀਟ ਹੁਣ ਤੱਕ ਓਲੰਪਿਕ ਅਤੇ ਵਰਲਡ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਚੁੱਕੇ ਹਨ।