ਆਮਦਨ ਤੋਂ ਵੱਧ ਸਰੋਤਾਂ ਅਤੇ ਜਾਇਦਾਦ ਬਣਾਉਣ ਸਬੰਧੀ ਵਿਜੀਲੈਸ ਬਿਊਰੋ ਪੰਜਾਬ ਨੇ ਭਾਰਤਇੰਦਰ ਸਿੰਘ ਚਾਹਲ ਖ਼ਿਲਾਫ਼ ਜਾਂਚ ਵਿੱਢ ਦਿੱਤੀ ਹੈ ਅਤੇ ਅੱਜ ਉਨ੍ਹਾਂ ਦੇ ਕਈ ਟਿਕਾਣਿਆਂ ‘ਤੇ ਛਾਪੇ ਮਾਰੇ ਗਏ। ਚਾਹਲ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਮੇਂ ਬਹੁਤ ਤਾਕਤਵਰ ਬਣ ਕੇ ਉੱਭਰੇ ਸਨ ਅਤੇ ਉਦੋਂ ਤੋਂ ਹੀ ਉਹ ਕੈਪਟਨ ਦੇ ਖਾਸ ਬੰਦਿਆਂ ‘ਚ ਸ਼ੁਮਾਰ ਰਹੇ ਹਨ। ਆਮਦਨ ਤੋਂ ਵੱਧ ਸਰੋਤਾਂ ਸਬੰਧੀ ਵਿਜੀਲੈਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਚਾਹਲ ਖ਼ਿਲਾਫ਼ ਹੁਣ ਜਾਂਚ ‘ਚ ਤੇਜ਼ੀ ਲਿਆਂਦੀ ਹੈ। ਵਿਜੀਲੈਂਸ ਵੱਲੋਂ ਅੱਜ ਪਟਿਆਲਾ ‘ਚ ਜੇਲ੍ਹ ਰੋਡ ‘ਤੇ ਮਿੰਨੀ ਸਕੱਤਰੇਤ ਦੇ ਨਜ਼ਦੀਕ ਸਥਿਤ ਮਾਲ ਗ੍ਰੈਂਡ ਰੀਗੇਲ ਨਾਮਕ ਸ਼ੋਅ ਰੂਮ ਨੂੰ ਨਾਪਿਆ ਗਿਆ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਇਸ ‘ਤੇ ਕਿੰਨੀ ਰਾਸ਼ੀ ਖਰਚ ਹੋਈ ਹੈ। ਇਸ ਤੋਂ ਪਹਿਲਾਂ ਸਰਹਿੰਦ ਰੋਡ ‘ਤੇ ਸਥਿਤ ਅਲਕਾਜ਼ਾਰ ਨਾਮਕ ਪੈਲੇਸ ‘ਤੇ ਵੀ ਟੀਮ ਗਈ ਸੀ ਪਰ ਉਥੇ ਤਾਲਾ ਲਗਣ ਕਰਕੇ ਟੀਮ ਖਾਲੀ ਹੱਥ ਮੁੜ ਆਈ। ਇਸੇ ਦੌਰਾਨ ਗ੍ਰੈਂਡ ਰੀਗੇਲ ‘ਚ ਹੋ ਰਹੀ ਹੈ ਜਾਂਚ ਦੀ ਅਗਵਾਈ ਵਿਜੀਲੈਂਸ ਦੇ ਡੀ.ਐੱਸ.ਪੀ. ਸਤਪਾਲ ਸ਼ਰਮਾ ਕਰ ਰਹੇ ਹਨ। ਮੁਹਾਲੀ ਤੋਂ ਸੁਰੇਸ਼ ਕੁਮਾਰ ਦੀ ਅਗਵਾਈ ‘ਚ ਟੈਕਨੀਕਲ ਟੀਮ ਵੀ ਪੁੱਜੀ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਦੇ ਪਹਿਲੀ ਵਾਰ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਚਾਹਲ ਲੋਕ ਸੰਪਰਕ ਵਿਭਾਗ ‘ਚ ਸਨ। ਜਦੋਂ ਕੈਪਟਨ ਮੁੱਖ ਮੰਤਰੀ ਬਣੇ ਤਾਂ ਉਹ ਉਨ੍ਹਾਂ ਦੇ ਮੀਡੀਆ ਸਲਾਹਕਾਰ ਬਣ ਗਏ। ਉਪਰੰਤ ਚਾਹਲ ਦੀ ਪੂਰੀ ਚੜ੍ਹਤ ਮੱਚੀ ਅਤੇ ਕਈ ਵੱਡੇ ਫ਼ੈਸਲਿਆਂ ਅਤੇ ਅਫ਼ਸਰਾਂ ਦੀ ਬਦਲੀ ‘ਚ ਉਨ੍ਹਾਂ ਦਾ ਸਿੱਧਾ ਦਖ਼ਲ ਹੁੰਦਾ ਸੀ। ਪਰ ਕੈਪਟਨ ਅਮਰਿੰਦਰ ਸਿੰਘ ਦੀ ਦੂਜੀ ਪਾਰੀ ਮੌਕੇ ਭਾਵੇਂ ਉਨ੍ਹਾਂ ਦੀਆਂ ਤਾਕਤਾਂ ਕੁਝ ਘੱਟ ਨਜ਼ਰ ਆਈਆਂ ਪਰ ਫਿਰ ਵੀ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਪਰਛਾਵੇਂ ਵਾਂਗ ਦਿਖਾਈ ਦਿੰਦੇ ਸਨ।