ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਰਿਵਾਰ ਦੀਆਂ ਦੋ ਪ੍ਰਮੁੱਖ ਜਾਇਦਾਦਾਂ ਦਾ ਅੱਜ ਅੰਮ੍ਰਿਤਸਰ ਵਿਜੀਲੈਂਸ ਰੇਂਜ ਦੇ ਅਧਿਕਾਰੀਆਂ ਨੇ ‘ਤਕਨੀਕੀ ਮੁਲਾਂਕਣ’ ਕੀਤਾ। ਵਿਧਾਇਕ ਅਤੇ ਉਸ ਦੇ ਰਿਸ਼ਤੇਦਾਰ ਪਿਛਲੇ ਕੁਝ ਹਫਤੇ ਤੋਂ ਵਿਜੀਲੈਂਸ ਦੀ ਜਾਂਚ ਦੇ ਘੇਰੇ ‘ਚ ਘਿਰੇ ਹੋਏ ਹਨ। ਅਧਿਕਾਰੀਆਂ ਨੇ ਵਿਧਾਇਕ ਦੀ ਰਿਹਾਇਸ਼ ਅਤੇ ਇਕ ਸ਼ਾਪਿੰਗ ਮਾਲ ਦਾ ਦੌਰਾ ਕੀਤਾ ਜਿਸ ‘ਚ ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਹਿੱਸੇਦਾਰੀ ਦੱਸੀ ਜਾਂਦੀ ਹੈ। ਟੀਮ ‘ਚ ਡੀ.ਐੱਸ.ਪੀ. (ਵਿਜੀਲੈਂਸ) ਗੁਰਦਾਸਪੁਰ ਜੋਗੇਸ਼ਵਰ ਸਿੰਘ ਗੁਰਾਇਆ ਅਤੇ ਇੰਦਰਜੀਤ ਸਿੰਘ ਇੰਸਪੈਕਟਰ ਅੰਮ੍ਰਿਤਸਰ ਰੇਂਜ ਸ਼ਾਮਲ ਸਨ। ਇਸ ਦੇ ਨਾਲ ਲੋਕ ਨਿਰਮਾਣ ਵਿਭਾਗ ਦੇ ਇਕ ਕਾਰਜਕਾਰੀ ਇੰਜੀਨੀਅਰ, ਐੱਸ.ਡੀ.ਓ. ਅਤੇ ਇਕ ਜੇ.ਈ. ਸਮੇਤ ਦੋ ਸਰਕਾਰੀ ਗਵਾਹ ਵੀ ਹਾਜ਼ਰ ਸਨ। ਸੂਤਰਾਂ ਅਨੁਸਾਰ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਅਤੇ ਭਰਾ ਬਲਜੀਤ ਸਿੰਘ ਪਾਹੜਾ ਤੋਂ ਪੁੱਛਗਿੱਛ ਕੀਤੀ ਗਈ। ਬਲਜੀਤ ਸਿੰਘ ਪਾਹੜਾ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਵੀ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਇਕ ਵਾਰ ਮੁਲਾਂਕਣ ਪੂਰਾ ਹੋਣ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਤੋਂ ਫੰਡਾਂ ਦੇ ਸਰੋਤ ਬਾਰੇ ਵੀ ਪੁੱਛਿਆ ਜਾਵੇਗਾ ਜਿਸ ਨਾਲ ਸ਼ਾਪਿੰਗ ਮਾਲ ਅਤੇ ਉਨ੍ਹਾਂ ਦੀ ਰਿਹਾਇਸ਼ ਦਾ ਨਿਰਮਾਣ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 6 ਦਸੰਬਰ ਨੂੰ ਵਿਧਾਇਕ, ਉਨ੍ਹਾਂ ਦੇ ਪਿਤਾ, ਭਰਾ ਅਤੇ ਇਕ ਰਿਸ਼ਤੇਦਾਰ ਤੋਂ ਕਰੀਬ 7 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ।