ਕਾਮਨਵੈਲਥ ਗੇਮਜ਼ ਦੇ ਵੇਟਲਿਫਟਿੰਗ ਮੁਕਾਬਲੇ ’ਚ ਇੰਡੀਆ ਦਾ ਦਬਦਬਾ ਦੇਖਣ ਨੂੰ ਮਿਲਿਆ। ਮੀਰਾਬਾਈ ਚਾਨੂ ਤੇ ਜੇਰੇਮੀ ਦੇ ਸੋਨ ਤਗ਼ਮੇ ਅਤੇ ਗੁਰੂਰਾਜਾ ਪੁਜਾਰੀ ਦੇ ਕਾਂਸੀ ਦੇ ਤਗ਼ਮੇ ਮਗਰੋਂ ਅਚਿੰਤਾ ਸ਼ੇਓਲੀ ਨੇ ਸੋਨ ਅਤੇ ਵਿਦਿਆਰਾਨੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਅਚਿੰਤਾ ਸ਼ੇਓਲੀ ਨੇ ਪੁਰਸ਼ਾਂ ਦੇ 73 ਕਿਲੋਗ੍ਰਾਮ ’ਚ ਨਵੇਂ ਰਿਕਾਰਡ ਦੇ ਨਾਲ ਬਾਜ਼ੀ ਮਾਰ ਕੇ ਦੇਸ਼ ਨੂੰ ਤੀਜਾ ਸੋਨ ਤਗ਼ਮਾ ਦਿਵਾਇਆ। ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਦੀ ਚਾਂਦੀ ਤਗ਼ਮਾ ਜੇਤੂ ਮੀਰਾਬਾਈ ਚਾਨੂ ਤੇ ਜੇਰੇਮੀ ਲਾਲਰਿਨਨੁੰਗਾ ਨੇ ਇੰਡੀਆ ਨੂੰ ਵੇਟਲਿਫਟਿੰਗ ’ਚ ਦੋ ਸੋਨ ਤਗ਼ਮੇ ਦਿਵਾਏ ਸਨ। ਪੱਛਮੀ ਬੰਗਾਲ ਦੇ ਸ਼ੇਓਲੀ ਨੇ ਸਨੈਚ ’ਚ 143 ਕਿਲੋ ਭਾਰ ਚੁੱਕਿਆ, ਜਿਹਡ਼ਾ ਰਾਸ਼ਟਰਮੰਡਲ ਖੇਡਾਂ ਦਾ ਨਵਾਂ ਰਿਕਾਰਡ ਹੈ। ਉਸ ਨੇ ਕਲੀਨ ਐਂਡ ਜਰਕ ’ਚ 170 ਕਿਲੋ ਸਮੇਤ 313 ਕਿਲੋ ਭਾਰ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਆਪਣੇ ਨਾਂ ਕੀਤਾ। ਪਿਛਲੇ ਸਾਲ ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਚਾਂਦੀ ਤਗ਼ਮਾ ਜਿੱਤਣ ਵਾਲੇ ਸ਼ੇਓਲੀ ਨੇ ਦੋਵੇਂ ਸਰਵਸ੍ਰੇਸ਼ਠ ਲਿਫਟ ਤੀਜੀ ਕੋਸ਼ਿਸ਼ ’ਚ ਕੀਤੀਆਂ। ਮਲੇਸ਼ੀਆ ਦੇ ਹਿਦਾਇਤ ਮਹੁੰਮਦ ਨੂੰ ਚਾਂਦੀ ਤੇ ਕੈਨੇਡਾ ਦੇ ਸ਼ਾਦ ਡਾਰਸਿਗ੍ਰੀ ਨੂੰ ਕਾਂਸੀ ਤਗ਼ਮਾ ਮਿਲਿਆ, ਜਿਨ੍ਹਾਂ ਨੇ ਕ੍ਰਮਵਾਰ 303 ਤੇ 298 ਕਿਲੋ ਭਾਰ ਚੁੱਕਿਆ। ਇੰਡੀਆ ਦੀ ਬਿੰਦਿਆਰਾਨੀ ਦੇਵੀ ਨੇ ਵੇਟਲਿਫਟਿੰਗ ’ਚ ਮਹਿਲਾਵਾਂ ਦੇ 55 ਕਿਲੋਗ੍ਰਾਮ ਭਾਰ ਵਰਗ ’ਚ ਦੇਸ਼ ਨੂੰ ਚਾਂਦੀ ਦਾ ਤਗ਼ਮਾ ਦਿਵਾਇਆ। 23 ਸਾਲਾ ਬਿੰਦਿਆਰਾਨੀ ਨੇ ਸਨੈਚ ਵਰਗ ’ਚ 86 ਕਿਲੋ ਵਜ਼ਨ ਚੁੱਕ ਕੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਤੋਂ ਬਾਅਦ ਕਲੀਨ ਐਂਡ ਜਰਕ ’ਚ 116 ਕਿਲੋਗ੍ਰਾਮ ਭਾਰ ਚੁੱਕ ਕੇ ਇਨ੍ਹਾਂ ਖੇਡਾਂ ਦਾ ਰਿਕਾਰਡ ਬਣਾਇਆ।