ਬੇਹੱਦ ਸਾਧਾਰਨ ਪਰਿਵਾਰ ‘ਚੋਂ ਇਕ ਮੋਬਾਈਲ ਠੀਕ ਕਰਨ ਵਾਲੇ ਲਾਭ ਸਿੰਘ ਉਗੋਕੇ ਨੂੰ ਲੋਕਾਂ ਨੇ ਉਦੋਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਵਿਧਾਇਕ ਬਣਾਇਆ ਪਰ ਇਹ ਵਿਧਾਇਕ ਹੁਣ ਆਪਣੀ ਬੋਲੀ ਅਤੇ ਧਮਕੀਆਂ ਦੇਣ ਵਾਲੀ ਵੀਡੀਓ ਵਾਇਰਲ ਹੋਣ ਕਰਕੇ ਵਿਵਾਦਾਂ ‘ਚ ਆ ਗਿਆ ਹੈ। ਘਟਨਾ ਸ਼ਹਿਣਾ ਦੀ ਹੈ ਜਿਥੇ ਜ਼ਿਲ੍ਹਾ ਬਰਨਾਲਾ ਦੇ ਰਾਖਵਾਂ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਇਸ ਨੂੰ ਲੈ ਕੇ ਪਿੰਡ ਸ਼ਹਿਣਾ ਦੀ ਪੰਚਾਇਤ, ਪਿੰਡ ਵਾਸੀਆਂ ਸਮੇਤ ਔਰਤਾਂ ਨੇ ਇਸਦਾ ਵਿਰੋਧ ਕਰ ਦਿੱਤਾ। ਉਥੇ ਹੀ ਸਰਕਾਰੀ ਹਸਪਤਾਲ ਦੇ ਬਾਹਰ ਗੇਟ ਸਾਹਮਣੇ ਰੋਸ ਧਰਨਾ ਲਗਾ ਕੇ ਪ੍ਰਦਰਸ਼ਨ ਕਰਦਿਆਂ ਲੋਕਾਂ ਨੇ ਕਿਹਾ ਕਿ ਉਹ ਸਰਕਾਰ ਦੀਆਂ ਸਿਹਤ ਸਹੂਲਤਾਂ ਦਾ ਵਿਰੋਧ ਨਹੀਂ ਕਰ ਰਹੇ, ਪਰ ਛੋਟੇ ਹਸਪਤਾਲਾਂ ਰਾਹੀਂ ਹਜ਼ਾਰਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਵਿਰੋਧ ਪ੍ਰਦਰਸ਼ਨ ਦੌਰਾਨ ਜਦੋਂ ਪਿੰਡ ਸ਼ਹਿਣਾ ਦੀ ਮਹਿਲਾ ਸਰਪੰਚ ਦਾ ਪੁੱਤ ‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਵਿਧਾਇਕ ਭੜਕ ਗਿਆ। ਉਨ੍ਹਾਂ ਸੁਖਜਿੰਦਰ ਸਿੰਘ ਕਲੱਕਤੇ ਨੂੰ ਕਿਹਾ ਕਿ ‘ਤੇਰੇ ਲਫ਼ੇੜੇ ਲਾ ਕੇ ਤੈਨੂੰ ਅੰਦਰ ਕੀਤਾ ਹੁੰਦਾ ਤੈਨੂੰ ਫੇਰ ਪਤਾ ਲੱਗਦਾ’, ਜੋ ਇਕ ਵਿਧਾਇਕ ਨੂੰ ਆਪਣੇ ਅਹੁਦੇ ਅਨੁਸਰ ਸ਼ੋਭਾ ਨਹੀਂ ਦਿੰਦਾ, ਜਿਸ ਨਾਲ ਲੋਕਾਂ ‘ਚ ਰੋਸ ਵੱਧ ਗਿਆ। ਇਹ ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਤੇ ਲੋਕਾਂ ਵਲੋਂ ਵਿਧਾਇਕ ਦੀ ਨਿਖ਼ੇਧੀ ਕੀਤੀ ਜਾ ਰਹੀ ਹੈ। ਸਰਪੰਚ ਦਾ ਮੁੰਡਾ ਤੇ ਹੋਰ ਲੋਕ ਇਹੋ ਕਹਿ ਰਹੇ ਸਨ ਕਿ ਆਮ ਆਦਮੀ ਕਲੀਨਿਕ ਇਸ ਡਿਸਪੈਂਸਰੀ ਨੂੰ ਬੰਦ ਕਰਕੇ ਖੋਲ੍ਹਣ ਦੀ ਥਾਂ ਕਿਤੇ ਹੋਰ ਖੋਲ੍ਹਿਆ ਜਾਣਾ ਚਾਹੀਦਾ ਸੀ। ਉਨ੍ਹਾਂ ਇਹ ਵੀ ਯਾਦ ਕਰਵਾਇਆ ਕਿ ਚੋਣਾਂ ਸਮੇਂ ਆਮ ਆਦਮੀ ਪਾਰਟੀ ਨੇ ਵਾਅਦਾ ਇਹ ਕੀਤਾ ਸੀ ਕਿ ਇਸ ਡਿਸਪੈਂਸਰੀ ਨੂੰ ਅਪਗਰੇਡ ਕਰਕੇ 17 ਬਿਸਤਰਿਆਂ ਵਾਲਾ ਹਸਪਤਾਲ ਬਣਾਇਆ ਜਾਵੇਗਾ ਪਰ ਹੁਣ ਡਿਸਪੈਂਸਰੀ ਹੀ ਬੰਦ ਕਰ ਦਿੱਤੀ ਹੈ। ਇਸ ਬਾਰੇ ਬਾਅਦ ‘ਚ ਵਿਧਾਇਕ ਉਗੋਕੇ ਨੇ ਮੁੱਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਇਹ ਕਿਹਾ ਸੀ ਕਿ ਜੇ ਪਿਛਲੀ ਸਰਕਾਰ ਹੁੰਦੀ ਤਾਂ ਸਰਪੰਚ ਦੇ ਮੁੰਡੇ ਦੇ ਲਫੇੜੇ ਵੱਜਣੇ ਸਨ।