ਮੋਗਾ ਦੇ ਪਿੰਡ ਰੌਲੀ ਨਾਲ ਸਬੰਧਤ ਅਤੇ ਇਸ ਵੇਲੇ ਪਤੀ ਤੇ ਦੋ ਬੱਚਿਆਂ ਨਾਲ ਪੱਕੇ ਤੌਰ ‘ਤੇ ਕੈਨੇਡਾ ਦੇ ਵਿਨੀਪੈਗ ‘ਚ ਰਹਿ ਰਹੀ ਸਰਬਜੀਤ ਕੌਰ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਸਰਬਜੀਤ ਕੌਰ ਆਪਣੇ ਕੰਮ ਤੋਂ ਵਾਪਸ ਆਪਣੀ ਕਾਰ ‘ਚ ਘਰ ਪਰਤ ਰਹੀ ਸੀ ਤਾਂ ਗਲਤ ਪਾਸਿਓ ਆ ਰਹੀ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਸਰਬਜੀਤ ਕੌਰ ਦੀ ਭਿਆਨਕ ਸੜਕ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਸਰਬਜੀਤ ਕੌਰ ਮੋਗਾ ਨੇੜਲੇ ਪਿੰਡ ਰੌਲੀ ਵਿਆਹੀ ਹੋਈ ਸੀ। ਅੱਜ ਤੋਂ 10 ਸਾਲ ਪਹਿਲਾਂ 2012 ‘ਚ ਪਤੀ ਅਤੇ ਦੋ ਬੱਚਿਆਂ ਨਾਲ ਪੀ.ਆਰ. ਹੋ ਕੇ ਉਹ ਵਿਨੀਪੈਗ (ਕਨੈਡਾ) ਗਈ ਸੀ। ਮ੍ਰਿਤਕ ਦੇ ਇਕ ਬੇਟਾ ਤੇ ਬੇਟੀ ਸਨ। ਇਸ ਮੰਦਭਾਗੀ ਘਟਨਾ ਬਾਰੇ ਖ਼ਬਰ ਮਿਲਣ ‘ਤੇ ਪਿੰਡ ਰੌਲੀ ‘ਚ ਮਾਤਮ ਛਾ ਗਿਆ। ਜ਼ਿਕਰਯੋਗ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਨੇੜਲੇ ਪਿੰਡ ਕਲਾੜ ਦੀ ਪਵਨਪ੍ਰੀਤ ਕੌਰ ਦੀ ਮਿਸੀਸਾਗਾ ਦੇ ਗੈਸ ਸਟੇਸ਼ਨ ‘ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਸਰੀ ‘ਚ 40 ਸਾਲਾ ਹਰਪ੍ਰੀਤ ਕੌਰ ਦਾ ਉਸ ਦੇ ਘਰ ‘ਚ ਹੀ ਚਾਕੂ ਮਾਰ ਕੇ ਕਤਲ ਕੀਤਾ ਗਿਆ ਹੈ।