ਇੰਡੀਆ ਦੇ ਸਟਾਰ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਆਈ.ਸੀ.ਸੀ. ਟੀ-20 ਵਰਲਡ ਕੱਪ ‘ਚ 1000 ਦੌੜਾਂ ਪੂਰੀਆਂ ਕਰ ਕੇ ਇਕ ਵੱਡਾ ਰਿਕਾਰਡ ਬਣਾ ਲਿਆ ਹੈ। ਕੋਹਲੀ ਟੀ-20 ਵਰਲਡ ਕੱਪ ਦੇ ਇਤਿਹਾਸ ‘ਚ ਅਜਿਹਾ ਕਰਨ ਵਾਲੇ ਦੂਜੇ ਖਿਡਾਰੀ ਹਨ। ਇਸ ਸਟਾਰ ਬੱਲੇਬਾਜ਼ ਨੇ ਪਰਥ ‘ਚ ਦੱਖਣੀ ਅਫਰੀਕਾ ਖ਼ਿਲਾਫ਼ ਮੈਚ ਦੌਰਾਨ ਇਹ ਉਪਲੱਬਧੀ ਹਾਸਲ ਕੀਤੀ। ਇਸ ਮੈਚ ‘ਚ ਕੋਹਲੀ 11 ਗੇਂਦਾਂ ‘ਚ 2 ਚੌਕਿਆਂ ਦੀ ਮਦਦ ਨਾਲ ਸਿਰਫ 12 ਦੌੜਾਂ ਹੀ ਬਣਾ ਸਕੇ। ਉਸ ਨੂੰ ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ ਨੇ ਆਊਟ ਕੀਤਾ। ਕੋਹਲੀ ਨੇ 24 ਮੈਚਾਂ ਦੀਆਂ 22 ਪਾਰੀਆਂ ‘ਚ 83.41 ਦੀ ਔਸਤ ਨਾਲ 1001 ਦੌੜਾਂ ਬਣਾਈਆਂ ਹਨ। ਟੂਰਨਾਮੈਂਟ ‘ਚ ਉਸਦਾ ਸਰਵੋਤਮ ਸਕੋਰ 89 ਹੈ। ਇਸ ਦੇ ਨਾਲ ਹੀ ਉਸ ਦੇ ਬੱਲੇ ਤੋਂ 12 ਅਰਧ ਸੈਂਕੜੇ ਨਿਕਲੇ ਹਨ। ਟੂਰਨਾਮੈਂਟ ਦਾ ਸਰਬੋਤਮ ਸਕੋਰਰ ਸ੍ਰੀਲੰਕਾ ਦਾ ਮਹਾਨ ਖਿਡਾਰੀ ਮਹੇਲਾ ਜੈਵਰਧਨੇ ਹੈ ਜਿਸ ਨੇ 31 ਮੈਚਾਂ ‘ਚ 39.07 ਦੀ ਔਸਤ ਨਾਲ 1016 ਦੌੜਾਂ ਬਣਾਈਆਂ। ਉਸਨੇ 100 ਦੇ ਨਿੱਜੀ ਸਰਵੋਤਮ ਸਕੋਰ ਦੇ ਨਾਲ ਬੱਲੇ ਨਾਲ ਇਕ ਸੈਂਕੜਾ ਅਤੇ ਛੇ ਅਰਧ ਸੈਂਕੜੇ ਬਣਾਏ ਹਨ। ਟੂਰਨਾਮੈਂਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ‘ਚ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਕ੍ਰਿਸ ਗੇਲ (965), ਭਾਰਤੀ ਕਪਤਾਨ ਰੋਹਿਤ ਸ਼ਰਮਾ (919) ਅਤੇ ਸ੍ਰੀਲੰਕਾ ਮਹਾਨ ਤਿਲਕਰਤਨੇ ਦਿਲਸ਼ਾਨ (897) ਸ਼ਾਮਲ ਹਨ।