ਇੰਡੀਆ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਆਈ.ਸੀ.ਸੀ. ਟੀ-20 ਵਰਲਡ ਕੱਪ ਦੇ ਆਪਣੇ ਮੈਚ ‘ਚ 4 ਵਿਕਟਾਂ ਨਾਲ ਹਰਾ ਦਿੱਤਾ। ਇਸ ਰੋਮਾਂਚਕ ਮੈਚ ‘ਚ ਹੋਈ ਜਿੱਤ ‘ਚ ਬੱਲੇਬਾਜ਼ ਵਿਰਾਟ ਕੋਹਲੀ ਤੇ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਅਹਿਮ ਰੋਲ ਰਿਹਾ। ਵਿਰਾਟ ਕੋਹਲੀ ਨੇ ਇਸ ਮੈਚ ‘ਚ ਛੇ ਚੌਕੇ ਤੇ ਚਾਰ ਛੱਕਿਆਂ ਦੀ ਮਦਦ ਨਾਲ 83 ਦੌੜਾਂ ਬਣਾਈਆਂ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਡੀਆ ਨੂੰ ਜਿੱਤ ਲਈ 160 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਇੰਡੀਆ ਨੇ ਮੈਚ ਦੀ ਆਖਰੀ ਗੇਂਦ ‘ਤੇ ਹਾਸਲ ਕੀਤਾ। ਇਸ ਜਿੱਤ ਨਾਲ ਇੰਡੀਆ ਨੇ ਏਸ਼ੀਆ ਕੱਪ ‘ਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਸ਼ਾਨਦਾਰ ਪ੍ਰਦਰਸ਼ਨ ਲਈ ਕੋਹਲੀ ਨੂੰ ‘ਪਲੇਅਰ ਆਫ ਦਿ ਮੈਚ’ ਐਲਾਨਿਆ ਗਿਆ। ਜਿੱਤ ਲਈ ਮਿਲੇ 160 ਦੌੜਾਂ ਦੇ ਟੀਚੇ ਦੇ ਜਵਾਬ ‘ਚ ਇੰਡੀਆ ਦੀ ਸ਼ੁਰੂਆਤ ਖ਼ਰਾਬ ਰਹੀ। ਸੱਤਵੇਂ ਓਵਰ ਤੱਕ ਇੰਡੀਆ 31 ਦੌੜਾਂ ਬਣਾ ਕੇ ਚਾਰ ਵਿਕਟਾਂ ਗੁਆ ਚੁੱਕਾ ਸੀ। ਹਾਰਦਿਕ ਪਾਂਡਿਆ ਨੇ 37 ਗੇਂਦਾਂ ‘ਤੇ 40 ਦੌੜਾਂ ਦੀ ਪਾਰੀ ਖੇਡਦਿਆਂ ਕੋਹਲੀ ਨਾਲ 113 ਦੌੜਾਂ ਦੀ ਸਾਂਝੇਦਾਰੀ ਕੀਤੀ। ਆਖਰੀ ਓਵਰ ਤੋਂ ਪਹਿਲਾਂ ਇੰਡੀਆ 144 ਦੌੜਾਂ ਬਣਾ ਕੇ ਚਾਰ ਵਿਕਟਾਂ ਗੁਆ ਚੁੱਕਾ ਸੀ ਤੇ ਛੇ ਗੇਂਦਾਂ ‘ਚ 16 ਦੌੜਾਂ ਦੀ ਜ਼ਰੂਰਤ ਸੀ। ਆਖਰੀ ਓਵਰ ਦੀ ਪਹਿਲੀ ਗੇਂਦ ‘ਤੇ ਪਾਕਿਸਤਾਨੀ ਸਪਿੰਨਰ ਮੁਹੰਮਦ ਨਵਾਜ਼ ਨੇ ਹਾਰਦਿਕ ਪਾਂਡਿਆ ਨੂੰ ਆਊਟ ਕਰ ਦਿੱਤਾ। ਇਸ ਮਗਰੋਂ ਬੱਲੇਬਾਜ਼ੀ ਕਰਨ ਆਏ ਦਿਨੇਸ਼ ਕਾਰਤਿਕ ਨੇ ਇਕ ਦੌੜ ਲੈ ਕੇ ਕੋਹਲੀ ਨੂੰ ਸਟ੍ਰਾਈਕ ਦਿੱਤੀ। ਤੀਜੀ ਗੇਂਦ ‘ਤੇ ਕੋਹਲੀ ਨੇ ਦੋ ਦੌੜਾਂ ਲਈਆਂ। ਚੌਥੀ ਗੇਂਦ ਨੋਬਾਲ ਸੀ ਅਤੇ ਕੋਹਲੀ ਨੇ ਇਸ ‘ਤੇ ਛੱਕਾ ਜੜਿਆ, ਜਿਸ ਮਗਰੋਂ ਇੰਡੀਆ ਨੂੰ ਤਿੰਨ ਗੇਂਦਾਂ ਵਿੱਚ ਛੇ ਦੌੜਾਂ ਦੀ ਜ਼ਰੂਰਤ ਸੀ। ਇਸ ਮਗਰੋਂ ਨਵਾਜ਼ ਨੇ ਵਾਈਡ ਗੇਂਦ ਸੁੱਟੀ ਅਤੇ ਅਗਲੀ ਗੇਂਦ ‘ਚ ਇੰਡੀਆ ਨੇ ਬਾਈਜ਼ ਦੇ ਰੂਪ ‘ਚ ਤਿੰਨ ਦੌੜਾਂ ਲਈਆਂ। ਪੰਜਵੀਂ ਗੇਂਦ ‘ਤੇ ਵਿਕਟਕੀਪਰ ਮੁਹੰਮਦ ਰਿਜ਼ਵਾਨ ਨੇ ਕਾਰਤਿਕ ਨੂੰ ਸਟੰਪ ਕਰ ਦਿੱਤਾ। ਉਸ ਦੀ ਥਾਂ ‘ਤੇ ਆਏ ਆਰ. ਅਸ਼ਵਿਨ ਨੇ ਆਖਰੀ ਗੇਂਦ ‘ਤੇ ਇਕ ਦੌੜ ਬਣਾ ਕੇ ਇੰਡੀਆ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਬੱਲੇਬਾਜ਼ਾਂ ਦੀ ਸ਼ੁਰੂਆਤ ਵੀ ਬਹੁਤੀ ਚੰਗੀ ਨਹੀਂ ਰਹੀ। ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੇ ਓਵਰ ਦੀ ਪਹਿਲੀ ਗੇਂਦ ‘ਤੇ ਹੀ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ (0) ਦੀ ਵਿਕਟ ਲੈ ਕੇ ਵਿਰੋਧੀ ਟੀਮ ‘ਤੇ ਦਬਾਅ ਬਣਾਇਆ। ਇਸ ਮਗਰੋਂ ਅਰਸ਼ਦੀਪ ਨੇ ਰਿਜ਼ਵਾਨ (4) ਨੂੰ ਵੀ ਜਲਦੀ ਤੋਰ ਦਿੱਤਾ। ਬਾਅਦ ‘ਚ ਸ਼ਾਨ ਮਸੂਦ (52) ਅਤੇ ਇਫਤਿਖਾਰ ਅਹਿਮਦ (51) ਨੇ ਸ਼ਾਨਦਾਰ ਪਾਰੀ ਖੇਡੀ। ਇਨ੍ਹਾਂ ਤੋਂ ਇਲਾਵਾ ਹੋਰ ਕੋਈ ਵੀ ਬੱਲੇਬਾਜ਼ ਲੈਅ ‘ਚ ਦਿਖਾਈ ਨਹੀਂ ਦਿੱਤਾ ਤੇ ਟੀਮ ਅੱਠ ਵਿਕਟਾਂ ਦੇ ਨੁਕਸਾਨ ‘ਤੇ 159 ਦੌੜਾਂ ਹੀ ਬਣਾ ਸਕੀ। ਇੰਡੀਆ ਵੱਲੋਂ ਅਰਸ਼ਦੀਪ ਤੇ ਹਾਰਦਿਕ ਪਾਂਡਿਆ ਨੇ ਤਿੰਨ-ਤਿੰਨ ਅਤੇ ਭੁਵੇਸ਼ਵਰ ਕੁਮਾਰ ਤੇ ਮੁਹੰਮਦ ਸ਼ਮੀ ਨੇ ਇਕ-ਇਕ ਵਿਕਟ ਲਈ।