ਆਈ.ਪੀ.ਐੱਲ. 2023 ‘ਚ ਕਪਤਾਨ ਡੇਵਿਡ ਵਾਰਨਰ ਦਾ ਅਰਧ ਸੈਂਕੜਾ ਵੀ ਦਿੱਲੀ ਕੈਪਿਟਲਜ਼ ਨੂੰ ਜਿੱਤ ਨਹੀਂ ਦੁਆ ਸਕਿਆ ਤੇ ਟੀਮ ਨੂੰ ਆਪਣੇ ਸ਼ੁਰੂਆਤੀ ਮੁਕਾਬਲੇ ‘ਚ ਹੀ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ। ਪਿਛਲੇ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਲਖਨਊ ਸੁਪਰ ਜਾਇੰਟਸ ਨੇ 50 ਦੌੜਾਂ ਦੀ ਜਿੱਤ ਨਾਲ ਟੂਰਨਾਮੈਂਟ ਦਾ ਆਗਾਜ਼ ਕੀਤਾ। ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ‘ਚ 14 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਲਖਨਊ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਨੂੰ 194 ਦੌੜਾਂ ਦਾ ਵੱਡਾ ਟੀਚਾ ਦਿੱਤਾ। ਇਸ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਟੀਮ ਨੂੰ ਬਹੁਤੀ ਚੰਗੀ ਸ਼ੁਰੂਆਤ ਨਹੀਂ ਮਿਲ ਸਕੀ। ਸਲਾਮੀ ਬੱਲੇਬਾਜ਼ 12 ਤਾਂ ਮਿਚਲ ਮਾਰਸ਼ 0 ਦੇ ਸਕੋਰ ‘ਤੇ ਹੀ ਆਊਟ ਹੋ ਗਏ। ਮਾਰਕ ਵੁੱਡ ਨੇ ਲਗਾਤਾਰ 2 ਗੇਂਦਾਂ ‘ਤੇ ਦੋਹਾਂ ਨੂੰ ਪਵੇਲੀਅਨ ਭੇਜ ਕੇ ਲਖਨਊ ਦੀ ਸਥਿਤੀ ਮਜ਼ਬੂਤ ਕੀਤੀ। ਉਥੇ ਹੀ ਕਪਤਾਨ ਡੇਵਿਡ ਵਾਰਨਰ 28 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਟਿਕੇ ਹੋਏ ਸਨ। ਉਨ੍ਹਾਂ ਨਾਲ ਸਰਫ਼ਰਾਜ਼ ਖ਼ਾਨ ਪਾਰੀ ਨੂੰ ਅੱਗੇ ਤੋਰ ਰਿਹਾ ਸੀ। ਦਿੱਲੀ ਦੀ ਟੀਮ ਪਾਵਰਪਲੇ ਦੇ 6 ਓਵਰਾਂ ‘ਚ 47 ਦੌੜਾਂ ਹੀ ਬਣਾ ਸਕੀ। ਪਾਵਰਪਲੇ ਤੋਂ ਅਗਲੇ ਹੀ ਓਵਰ ਮਾਰਕ ਵੁੱਡ ਨੇ ਸਰਫ਼ਰਾਜ ਖ਼ਾਨ ਨੂੰ ਵੀ 4 ਦੌੜਾਂ ਦੇ ਸਕੋਰ ‘ਤੇ ਆਊਟ ਕਰ ਦਿੱਤਾ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇ.ਐੱਲ. ਰਾਹੁਲ 8 ਦੌੜਾਂ ਦੇ ਨਿਜੀ ਸਕੋਰ ‘ਤੇ ਹੀ ਪਵੇਲੀਅਨ ਪਰਤ ਗਏ। ਪਰ ਕਾਇਲ ਮੇਅਰਸ ਨੇ 38 ਗੇਂਦਾਂ ‘ਚ 73 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪੂਰਨ ਨੇ ਅਖ਼ੀਰ ‘ਤੇ 21 ਗੇਂਦਾਂ ‘ਚ 36 ਅਤੇ ਅਯੂਸ਼ ਬਦੌਨੀ ਨੇ 7 ਗੇਂਦਾਂ ਵਿਚ 18 ਦੌੜਾਂ ਦੀਆਂ ਪਾਰੀਆਂ ਖੇਡ ਕੇ ਟੀਮ ਦਾ ਸਕੋਰ 193 ਤਕ ਪਹੁੰਚਾਇਆ। ਲਖਨਊ ਸੁਪਰ ਜਾਇੰਟਸ ਨੇ 6 ਵਿਕਟਾਂ ਗੁਆ ਕੇ 20 ਓਵਰਾਂ ‘ਚ 193 ਦੌੜਾਂ ਬਣਾਈਆਂ ਤੇ ਦਿੱਲੀ ਕੈਪੀਟਲਸ ਨੂੰ ਜਿੱਤ ਲਈ 194 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਟੀਮ ਨੂੰ ਮਾਰਕ ਵੁੱਡ ਨੇ ਸ਼ੁਰੂਆਤੀ ਝਟਕੇ ਦਿੱਤੇ। ਉਸ ਨੇ 5ਵੇਂ ਓਵਰ ‘ਚ ਲਗਾਤਾਰ 2 ਗੇਂਦਾਂ ਵਿਚ 2 ਵਿਕਟਾਂ ਲੈ ਕੇ ਦਿੱਲੀ ਦੀ ਟੀਮ ‘ਤੇ ਪ੍ਰੈਸ਼ਰ ਵਧਾਇਆ। ਪਹਿਲਾਂ ਪ੍ਰਿਥਵੀ ਸ਼ਾਅ (12) ਤੇ ਫਿਰ ਮਿਚਲ ਮਾਰਸ਼ ਨੂੰ (0) ਪਹਿਲੀ ਗੇਂਦ ‘ਤੇ ਬੋਲਡ ਕਰ ਕੇ ਉਸ ਨੇ ਆਪਣੀ ਟੀਮ ਦੀ ਸਥਿਤੀ ਮਜ਼ਬੂਤ ਕੀਤੀ। ਆਪਣੇ ਅਗਲੇ ਓਵਰ ‘ਚ ਉਸ ਨੇ ਸਰਫ਼ਰਾਜ਼ ਖ਼ਾਨ ਨੂੰ (4) ਵੀ ਪਵੇਲੀਅਨ ਭੇਜ ਦਿੱਤਾ। ਦੂਜੇ ਪਾਸਿਓਂ ਲਗਾਤਾਰ ਵਿਕਟਾਂ ਡਿੱਗਣ ਦੇ ਬਾਵਜੂਦ ਕਪਤਾਨ ਡੇਵਿਡ ਵਾਰਨਰ ਨੇ ਪਾਰੀ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ। ਉਸ ਨੇ 48 ਗੇਂਦਾਂ ‘ਚ 56 ਦੌੜਾਂ ਦੀ ਪਾਰੀ ਖੇਡੀ। ਵਾਰਨਰ ਤੋਂ ਬਾਅਦ ਰੂਸੋ (30) ਅਤੇ ਅਕਸਰ ਪਟੇਲ (16) ਦੀਆਂ ਕੋਸ਼ਿਸ਼ਾਂ ਵੀ ਬੇਕਾਰ ਗਈਆਂ। ਟੀਮ ਨਿਰਧਾਰਿਤ 20 ਓਵਰਾਂ ‘ਚ 9 ਵਿਕਟਾਂ ਗੁਆ ਕੇ 143 ਦੌੜਾਂ ਹੀ ਬਣਾ ਸਕੀ।