ਬੀ.ਡਬਲਿਊ.ਐੱਫ. ਵਰਲਡ ਚੈਂਪੀਅਨਸ਼ਿਪ ਸੋਮਵਾਰ ਨੂੰ ਸ਼ੁਰੂ ਹੋ ਗਈ ਅਤੇ ਇੰਡੀਆ ਦੀ ਸਟਾਰ ਸ਼ਟਲਰ ਪੀ.ਵੀ. ਸਿੰਧੂ ਸੱਟ ਕਾਰਨ ਪਿਛਲੇ ਇਕ ਦਹਾਕੇ ‘ਚ ਪਹਿਲੀ ਵਾਰ ਇਸ ਚੈਂਪੀਅਨਸ਼ਿਪ ‘ਚ ਹਿੱਸਾ ਨਹੀਂ ਲੈ ਰਹੀ। ਅਜਿਹੇ ‘ਚ ਉਸ ਦੀ ਗੈਰਮੌਜੂਦਗੀ ‘ਚ ਇੰਡੀਆ ਦੀਆਂ ਉਮੀਦਾਂ ਲਕਸ਼ੈ ਸੇਨ ਅਤੇ ਐੱਚ.ਐੱਸ. ਪ੍ਰਣਯ ‘ਤੇ ਹੋਣਗੀਆਂ। ਰਾਸ਼ਟਰਮੰਡਲ ਖੇਡਾਂ ‘ਚ ਆਪਣੀ ਖਿਤਾਬੀ ਮੁਹਿੰਮ ਦੌਰਾਨ ਸਿੰਧੂ ਦੇ ਸੱਟ ਲੱਗ ਗਈ ਸੀ ਜਿਸ ਕਾਰਨ ਉਸ ਨੂੰ ਚੈਂਪੀਅਨਸ਼ਿਪ ਤੋਂ ਹਟਣਾ ਪਿਆ। ਅਜਿਹੇ ‘ਚ ਸੋਮਵਾਰ ਨੂੰ ਸ਼ੁਰੂ ਹੋ ਹੋਏ ਇਸ ਟੂਰਨਾਮੈਂਟ ‘ਚ ਇੰਡੀਆ ਦੇ ਚੰਗੇ ਪ੍ਰਦਰਸ਼ਨ ਨੂੰ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਲਕਸ਼ੈ ਤੋਂ ਇਲਾਵਾ ਤਜਰਬੇਕਾਰ ਪ੍ਰਣਯ ਅਤੇ ਕਿਦਾਂਬੀ ਸ੍ਰੀਕਾਂਤ ‘ਤੇ ਆ ਗਈ ਹੈ। ਇੰਡੀਆ ਨੇ 2011 ਤੋਂ ਬਾਅਦ ਇਸ ਚੈਂਪੀਅਨਸ਼ਿਪ ‘ਚ ਹਮੇਸ਼ਾ ਤਗ਼ਮੇ ਜਿੱਤੇ ਹਨ। ਭਾਰਤੀ ਪੁਰਸ਼ ਖਿਡਾਰੀਆਂ ਨੇ ਹਾਲ ਹੀ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ ਜਿਸ ਕਰਕੇ ਉਨ੍ਹਾਂ ਤੋਂ ਤਗ਼ਮਾ ਜਿੱਤਣ ਦੀ ਕਾਫੀ ਉਮੀਦ ਕੀਤੀ ਜਾ ਰਹੀ ਹੈ। ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਲਕਸ਼ੈ ਦੇ ਹੌਸਲੇ ਬੁਲੰਦ ਹਨ ਅਤੇ ਉਹ ਵਿਸ਼ਵ ਚੈਂਪੀਅਨਸ਼ਿਪ ‘ਚ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਵਜੋਂ ਸ਼ੁਰੂਆਤ ਕਰੇਗਾ। ਇਸੇ ਤਰ੍ਹਾਂ ਮਹਿਲਾ ਸਿੰਗਲਜ਼ ‘ਚ ਸਾਇਨਾ ਨੇਹਵਾਲ ਅਤੇ ਪੁਰਸ਼ ਡਬਲਜ਼ ‘ਚ ਚਿਰਾਗ ਸੇਠੀ ਤੇ ਸਾਤਵਿਕ ਸਾਈਰਾਜ ਰੰਕੀਰੈੱਡੀ ‘ਤੇ ਵੀ ਸਭ ਦੀਆਂ ਨਜ਼ਰਾਂ ਰਹਿਣਗੀਆਂ। ਮਹਿਲਾ ਡਬਲਜ਼ ‘ਚ ਅਸ਼ਵਨੀ ਪੋਨੱਪਾ-ਐੱਨ ਸਿੱਕੀ ਰੈੱਡੀ ਅਤੇ ਗਾਇਤਰੀ ਗੋਪੀਚੰਦ-ਟ੍ਰੇਸਾ ਜੌਲੀ ਦੀਆਂ ਜੋੜੀਆਂ ਚੁਣੌਤੀ ਪੇਸ਼ ਕਰਨਗੀਆਂ।