ਛੇ ਮਹੀਨੇ ਤੋਂ ਵਰਲਡ ਸਾਈਕਲ ਯਾਤਰਾ ‘ਤੇ ਨਿਕਲੇ ਨਾਰਵੇ ਦੇ ਵਿਦਿਆਰਥੀ ਐਸਪਿਨ ਲਿਲੀਨਜੇਨ ਨੂੰ ਟਰਾਂਸਪੋਰਟ ਨਗਰ ਲੁਧਿਆਣਾ ‘ਚ ਸਨੈਚਰਾਂ ਨੇ ਆਪਣਾ ਸ਼ਿਕਾਰ ਬਣਾਉਂਦੇ ਹੋਏ ਉਸ ਦਾ ਆਈ ਫੋਨ 10 ਝਪਟ ਲਿਆ। ਇਸ ਸਬੰਧ ‘ਚ ਨਾਰਵੇ ਦੇ ਵਿਦਿਆਰਥੀ ਐਸਪਿਨ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਸਫ਼ਰ ਸ਼ੁਰੂ ਕੀਤਾ ਹੈ। ਹੁਣ ਤੱਕ 23 ਦੇਸ਼ਾਂ ਦਾ ਦੌਰਾ ਕਰ ਚੁੱਕਾ ਹੈ। ਇਹ ਟੂਰ 3 ਮਹੀਨਿਆਂ ‘ਚ ਖ਼ਤਮ ਹੋਣਾ ਹੈ। ਜਦੋਂ ਉਹ ਟਰਾਂਸਪੋਰਟ ਨਗਰ ਪੁੱਜਾ ਤਾਂ ਆਪਣਾ ਫੋਨ 10 ਲੋਕੇਸ਼ਨ ਦੇਖਣ ਲਈ ਬਾਹਰ ਕੱਢ ਕੇ ਹੱਥਾਂ ‘ਚ ਲੈ ਕੇ ਚੈੱਕ ਕਰ ਰਿਹਾ ਸੀ ਤਾਂ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਦੇ ਹੱਥਾਂ ‘ਚੋਂ ਆਈ ਫੋਨ 10 ਖੋਹ ਲਿਆ ਅਤੇ ਫਰਾਰ ਹੋ ਗਿਆ। ਵਿਦਿਆਰਥੀ ਦਾ ਕਹਿਣਾ ਹੈ ਕਿ ਸਨੈਚਰਾਂ ਦਾ ਪਿੱਛਾ ਕੀਤਾ ਪਰ ਉਹ ਬਹੁਤ ਦੂਰ ਜਾ ਚੁੱਕੇ ਸਨ। ਪ੍ਰੇਸ਼ਾਨ ਹੁੰਦੇ ਹੋਏ ਉਸ ਨੇ ਦੱਸਿਆ ਕਿ ਸਿਰਫ਼ 200 ਰੁਪਏ ਬਚੇ ਹਨ, ਜੋ ਯਾਤਰਾ ਲਈ ਬਹੁਤ ਘੱਟ ਹਨ। ਇਸ ਦੌਰਾਨ ਵਿਦਿਆਰਥੀ ਨੂੰ ਪ੍ਰੇਸ਼ਾਨ ਦੇਖ ਟਰਾਂਸਪੋਰਟ ਨਗਰ ਦੇ ਮਧੂ ਪਾਂਡੇ ਜਿਨ੍ਹਾਂ ਦਾ ਦਫ਼ਤਰ ਨੇੜੇ ਸੀ, ਉਸ ਦੇ ਕੋਲ ਆਇਆ ਜਿਸ ਨੂੰ ਵਿਦਿਆਰਥੀ ਨੇ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪਾਂਡੇ ਨੇ ਥਾਣਾ ਮੋਤੀ ਨਗਰ ‘ਚ ਸ਼ਿਕਾਇਤ ਦਰਜ ਕਰਵਾਉਣ ਵਿਚ ਉਸ ਦੀ ਮਦਦ ਕੀਤੀ ਉਸ ਦਾ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ। ਘਟਨਾ ਦੀ ਸੂਚਨਾ ਮਿਲਣ ‘ਤੇ ਵਿਦਿਆਰਥੀ ਨਾਲ ਸੀ.ਆਈ.ਏ.-1 ਦੇ ਇੰਚਾਰਜ ਰਾਜੇਸ਼ ਸ਼ਰਮਾ ਦੀ ਟੀਮ ਮੌਕੇ ‘ਤੇ ਪੁੱਜੀ। ਉਨ੍ਹਾਂ ਨੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲਦੇ ਹੋਏ ਪੀੜਤ ਐਸਪਿਨ ਨੂੰ ਉਸ ਦਾ ਮੋਬਾਇਲ ਵਾਪਸ ਦਿਵਾਉਣ ਦਾ ਭਰੋਸਾ ਦਿਵਾਇਆ।