ਵੈਸਟ ਇੰਡੀਜ਼ ਨਾਲ ਤੀਜੇ ਤੇ ਆਖਰੀ ਵਨ ਡੇ ਮੈਚ ’ਚ ਇੰਡੀਆ ਭਾਵੇਂ 119 ਦੌਡ਼ਾਂ ਨਾਲ ਜੇਤੂ ਰਿਹਾ ਅਤੇ ਉਸ ਨੇ ਸੀਰੀਜ਼ ਵੀ 3-0 ਨਾਲ ਕਲੀਨ ਸਵੀਪ ਕਰਕੇ ਜਿੱਤ ਲਈ ਪਰ ਇੰਡੀਆ ਦੇ ਉੱਭਰਦੇ ਬੱਲੇਬਾਜਲ ਸ਼ੁਭਮਨ ਗਿੱਲ ਮੀਂਹ ਕਾਰਨ ਸਿਰਫ ਦੋ ਦੌਡ਼ਾਂ ਨਾਲ ਆਪਣੇ ਕਰੀਅਰ ਦੇ ਪਹਿਲੇ ਅੰਤਰਰਾਸ਼ਟਰੀ ਸੈਂਕਡ਼ੇ ਤੋਂ ਵਾਂਝੇ ਰਹਿ ਗਏ। ਉਨ੍ਹਾਂ ਦੀਆਂ ਅਜੇਤੂ 98 ਦੌਡ਼ਾਂ ਤੇ ਫਿਰ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰਡੀਆ ਜੇਤੂ ਰਿਹਾ। ਇੰਡੀਆ ਦੀ ਪਾਰੀ ਦੇ 24 ਓਵਰ ਪੂਰੇ ਹੋਣ ਤੋਂ ਬਾਅਦ ਮੀਂਹ ਕਾਰਨ ਮੈਚ ਨੂੰ ਰੋਕ ਦਿੱਤਾ ਗਿਆ ਅਤੇ ਮੈਚ 40 ਓਵਰਾਂ ਦਾ ਕਰ ਦਿੱਤਾ ਗਿਆ। ਦੂਜੀ ਵਾਰ ਭਾਰਤੀ ਪਾਰੀ ਦੇ 36 ਓਵਰ ਪੂਰੇ ਹੋਣ ਤੋਂ ਬਾਅਦ ਮੀਂਹ ਆ ਗਿਆ ਤੇ ਮਹਿਮਾਨ ਟੀਮ ਦੀ ਪਾਰੀ ਇੱਥੇ 3 ਵਿਕਟਾਂ ’ਤੇ 225 ਦੌਡ਼ਾਂ ਦੇ ਸਕੋਰ ’ਤੇ ਸਮਾਪਤ ਹੋ ਗਈ। ਵੈਸਟਇੰਡੀਜ਼ ਨੂੰ ਫਿਰ ਡਕਵਰਥ ਲੁਈਸ ਵਿਧੀ ਦੇ ਤਹਿਤ 35 ਓਵਰਾਂ ’ਚ 257 ਦੌਡ਼ਾਂ ਦਾ ਟੀਚਾ ਮਿਲਿਆ। ਗਿੱਲ ਨੇ 98 ਗੇਂਦਾਂ ’ਚ 2 ਛੱਕਿਆਂ ਅਤੇ 7 ਚੌਕਿਆਂ ਦੀ ਮਦਦ ਨਾਲ ਨਾਬਾਦ 98 ਦੌਡ਼ਾਂ ਦੀ ਪਾਰੀ ਖੇਡੀ। ਉਸ ਨੇ ਕਪਤਾਨ ਸ਼ਿਖਰ ਧਵਨ (58) ਨਾਲ ਪਹਿਲੀ ਵਿਕਟ ਲਈ 113 ਅਤੇ ਸ਼੍ਰੇਅਸ ਅਈਅਰ (44) ਨਾਲ ਦੂਜੀ ਵਿਕਟ ਲਈ 86 ਦੌਡ਼ਾਂ ਦੀ ਸਾਂਝੇਦਾਰੀ ਕੀਤੀ। ਜਵਾਬ ’ਚ ਵੈਸਟਇੰਡੀਜ਼ ਦੀ ਟੀਮ ਯੁਜਵੇਂਦਰ ਚਾਹਲ (17 ਦੌਡ਼ਾਂ ’ਤੇ 4 ਵਿਕਟਾਂ), ਮੁਹੰਮਦ ਸਿਰਾਜ (14 ਦੌਡ਼ਾਂ ’ਤੇ 2 ਵਿਕਟਾਂ) ਅਤੇ ਸ਼ਾਰਦੁਲ ਠਾਕੁਰ (17 ਦੌਡ਼ਾਂ ’ਤੇ 2 ਵਿਕਟਾਂ) ਦੀ ਤਿੱਖੀ ਗੇਂਦਬਾਜ਼ੀ ਦੇ ਸਾਹਮਣੇ 26 ਓਵਰਾਂ ’ਚ 137 ਦੌਡ਼ਾਂ ‘ਤੇ ਸਿਮਟ ਗਈ। ਵੈਸਟਇੰਡੀਜ਼ ਨੇ ਆਪਣੀਆਂ ਆਖਰੀ 5 ਵਿਕਟਾਂ ਸਿਰਫ਼ 18 ਦੌਡ਼ਾਂ ’ਤੇ ਗੁਆ ਦਿੱਤੀਆਂ। ਟੀਮ ਲਈ ਸਿਰਫ਼ ਬਰੈਂਡਨ ਕਿੰਗ (42) ਅਤੇ ਕਪਤਾਨ ਨਿਕੋਲਸ ਪੂਰਨ (42) ਹੀ ਬੱਲੇਬਾਜ਼ੀ ਕਰ ਸਕੇ ਜਦਕਿ ਉਨ੍ਹਾਂ ਦੇ 4 ਬੱਲੇਬਾਜ਼ ਖਾਤਾ ਖੋਲ੍ਹਣ ’ਚ ਨਾਕਾਮ ਰਹੇ।