ਹਾਲ ਹੀ ‘ਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ ਗੁਰਚਰਨ ਸਿੰਘ ਗਰੇਵਾਲ ਤੇ ਦੋਆਬਾ ਜ਼ੋਨ ਦੇ ਪ੍ਰਚਾਰ ਸਕੱਤਰ ਗੁਰਬਖਸ਼ ਸਿੰਘ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਮਗਰੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ ‘ਤੇ ਗੋਲੀਆਂ ਚਲਾਏ ਜਾਣ ਦੀ ਘਟਨਾ ਦੌਰਾਨ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਪਿਛਲੇ ਗਿਆਰਾਂ ਮਹੀਨਿਆਂ ਤੋਂ ਚਲਾਏ ਜਾ ਰਹੇ ਬਹਿਬਲ ਕਲਾਂ ਇਨਸਾਫ਼ ਮੋਰਚੇ ‘ਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਨੁਮਾਇੰਦਾ ਇਸ ਮੋਰਚੇ ‘ਚ ਸ਼ਾਮਲ ਨਹੀਂ ਹੋਇਆ ਸੀ। ਗੌਰਤਲਬ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੀਤੀ 14 ਅਕਤੂਬਰ ਨੂੰ ਮੋਰਚੇ ‘ਚ ਸੰਬੋਧਨ ਕਰਦਿਆਂ ਇਹ ਭਰੋਸਾ ਦਿੱਤਾ ਸੀ ਕਿ ਡੇਢ ਮਹੀਨੇ ਦੇ ਅੰਦਰ ਬੇਅਦਬੀ ਤੇ ਗੋਲੀ ਕਾਂਡ ਪੀੜਤਾਂ ਨੂੰ ਇਨਸਾਫ਼ ਮਿਲ ਜਾਵੇਗਾ ਤੇ ਇਕ ਵੱਡਾ ਸ਼ੁਕਰਾਨੇ ਦਾ ਸਮਾਗਮ ਹੋਵੇਗਾ। ਇਹ ਐਲਾਨ ਕੀਤੇ ਨੂੰ ਅੱਜ ਇਕ ਮਹੀਨਾ ਹੋ ਗਿਆ ਹੈ, ਪਰ ਹਾਲੇ ਤੱਕ ਇਸ ਕਾਂਡ ਦੇ ਦੋਸ਼ੀਆਂ ਸਬੰਧੀ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਅਜਿਹੇ ਹਾਲਾਤ ‘ਚ ਸ਼੍ਰੋਮਣੀ ਕਮੇਟੀ ਵੱਲੋਂ ਮੋਰਚੇ ਨਾਲ ਖੜ੍ਹਨਾ ਸਿਆਸੀ ਹਲਕਿਆਂ ‘ਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਮੌਕੇ ਗੁਰਚਰਨ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੋਣ ਦੇ ਨਾਤੇ ਮੋਰਚੇ ਨੂੰ ਪੂਰਾ ਸਹਿਯੋਗ ਦੇਵੇਗੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸੱਚ ਲੋਕਾਂ ਸਾਹਮਣੇ ਆ ਸਕੇ।