ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੋਲੇ ਮਹੱਲੇ ਮੌਕੇ ਕੌਮ ਦੇ ਨਾਂ ਦਿੱਤੇ ਸੰਦੇਸ਼ ‘ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿਨ੍ਹਿਆ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਇਕ ਸਾਜਿਸ਼ ਤਹਿਤ ਸ਼੍ਰੋਮਣੀ ਕਮੇਟੀ ਦੇ ਦੋ ਟੁਕੜੇ ਕੀਤੇ ਗਏ ਹਨ ਤੇ ਉਨ੍ਹਾਂ ਨੂੰ ਖਾਲਸੇ ਦੀ ਬਦਦੁਆ ਲੱਗੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ‘ਤੇ ਵਰ੍ਹਦਿਆਂ ਕਿਹਾ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਦੋ ਟੁਕੜੇ ਕੀਤੇ ਗਏ ਹਨ ਉਸੇ ਤਰ੍ਹਾਂ ਅਕਾਲ ਪੁਰਖ ਪਾਰਲੀਮੈਂਟ ਦੇ ਵੀ ਕਈ ਟੁਕੜੇ ਕਰੇਗਾ। ਉਨ੍ਹਾਂ ਕਿਹਾ ਕਿ ਹਰਿਆਣੇ ਦੇ ਗੁਰਦੁਆਰਿਆਂ ‘ਤੇ ਸਿੱਖਾਂ ਦਾ ਨਹੀਂ ਸਗੋਂ ਸਰਕਾਰ ਦਾ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦ ਹੋ ਗਿਆ ਪਰ ਸਿੱਖਾਂ ਨੂੰ ਆਜ਼ਾਦੀ ਨਹੀਂ ਮਿਲੀ। ਸਿੱਖਾਂ ਦੀ ਸਭ ਤੋਂ ਵੱਡੀ ਪਾਰਲੀਮੈਂਟ ‘ਤੇ ਹਮਲਾ ਹੋਇਆ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਨੀਕਰਨ ਸਾਹਿਬ ਵਿਖੇ ਵਾਪਰੀ ਘਟਨਾ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਜਵਾਨ ਦੇ ਕਤਲ ਕੀਤੇ ਜਾਣ ‘ਤੇ ਵੀ ਦੁੱਖ ਪ੍ਰਗਟਾਇਆ ਹੈ। ਜਥੇਦਾਰ ਨੇ ਕਿਹਾ ਕਿ ਸਿੱਖ ਨੌਜਵਾਨ ਗਲਤ ਰਸਤੇ ਵੱਲ ਜਾ ਰਹੇ ਹਨ ਤੇ ਇਸ ਲਈ ਸਿੱਖਾਂ ਨੂੰ ਸੋਚਣਾ ਹੋਵੇਗਾ।