ਮਨੀ ਲਾਂਡਰਿੰਗ ਮਾਮਲੇ ’ਚ ਈ.ਡੀ. ਦੇ ਨਿਸ਼ਾਨੇ ’ਤੇ ਹੁਣ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਹਨ ਅਤੇ ਐਤਵਾਰ ਨੂੰ ਕੇਂਦਰੀ ਏਜੰਸੀ ਨੇ ਉਨ੍ਹਾਂ ਦੇ ਮੁੰਬਈ ਸਥਿਤ ਘਰ ’ਚੇ ਛਾਪਾ ਮਾਰਿਆ। ਉਨ੍ਹਾਂ ਨੂੰ 27 ਜੁਲਾਈ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਰਾਊਤ ਨੂੰ ਈ.ਡੀ. ਨੇ ਮੁੰਬਈ ’ਚ ਇਕ ‘ਚਾਲ’ ਦੇ ਪੁਨਰ ਵਿਕਾਸ ’ਚ ਕਥਿਤ ਬੇਨਿਯਮੀਆਂ ਅਤੇ ਉਨ੍ਹਾਂ ਦੀ ਪਤਨੀ ਅਤੇ ਹੋਰ ਸਾਥੀਆਂ ਨਾਲ ਜੁਡ਼ੇ ਲੈਣ-ਦੇਣ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਪੁੱਛ ਪਡ਼ਤਾਲ ਲਈ ਤਲਬ ਕੀਤਾ ਸੀ। ਈ.ਡੀ. ਦੇ ਅਧਿਕਾਰੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਕਰਮਚਾਰੀਆਂ ਦੇ ਨਾਲ ਸਵੇਰੇ ਸੱਤ ਵਜੇ ਰਾਊਤ ਦੇ ਘਰ ਪਹੁੰਚੇ ਅਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਰਾਊਤ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ ਅਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਈ.ਡੀ. ਦੀ ਕਾਰਵਾਈ ਤੋਂ ਤੁਰੰਤ ਬਾਅਦ ਟਵੀਟ ਕੀਤਾ, ‘ਮੈਂ ਮਰਹੂਮ ਬਾਲਾ ਸਾਹਿਬ ਠਾਕਰੇ ਦੀ ਸਹੁੰ ਖਾਂਦਾ ਹਾਂ ਕਿ ਮੇਰਾ ਕਿਸੇ ਘਪਲੇ ਨਾਲ ਕੋਈ ਸਬੰਧ ਨਹੀਂ ਹੈ। ਮੈਂ ਮਰ ਜਾਵਾਂਗਾ ਪਰ ਸ਼ਿਵ ਸੈਨਾ ਨਹੀਂ ਛੱਡਾਂਗਾ।’