ਲੰਡਨ ਓਲੰਪਿਕਸ ਦੀ ਕਾਂਸੀ ਤਗ਼ਮਾ ਜੇਤੂ ਸਾਇਨਾ ਨੇਹਵਾਲ ਨੇ ਟੋਕੀਓ ‘ਚ ਹਾਂਗਕਾਂਗ ਦੀ ਚੇਉਂਗ ਨਗੇਨ ਯੀ ‘ਤੇ ਸਿੱਧੀਆਂ ਗੇਮਾਂ ‘ਚ ਜਿੱਤ ਦਰਜ ਕਰ ਕੇ ਬੀ.ਡਬਲਿਊ.ਐੱਫ. ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ‘ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਸਾਇਨਾ ਨੇ ਪਹਿਲੇ ਗੇੜ ਦੇ ਇਸ ਮੈਚ ‘ਚ ਨਗੇਨ ਯੀ ਨੂੰ 38 ਮਿੰਟ ਵਿਚ 21-19, 21-9 ਨਾਲ ਮਾਤ ਦਿੱਤੀ। ਵਰਲਡ ਚੈਂਪੀਅਨਸ਼ਿਪ ‘ਚ ਚਾਂਦੀ ਤੇ ਕਾਂਸੇ ਦੇ ਤਗ਼ਮੇ ਜਿੱਤ ਚੁੱਕੀ ਇਹ 32 ਸਾਲਾ ਖਿਡਾਰਨ ਪ੍ਰੀ ਕੁਆਰਟਰ ਫਾਈਨਲ ‘ਚ ਪੁੱਜ ਗਈ ਹੈ ਕਿਉਂਕਿ ਦੂਜੇ ਗੇੜ ਦੀ ਉਨ੍ਹਾਂ ਦੀ ਵਿਰੋਧੀ ਨਾਜੋਮੀ ਓਕੁਹਾਰਾ ਸੱਟ ਲੱਗਣ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਇਸ ਨਾਲ ਸਾਇਨਾ ਨੂੰ ਬਾਈ ਮਿਲ ਗਈ। ਤ੍ਰੀਸ਼ਾ ਜਾਲੀ ਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਨੇ ਵੀ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਭਾਰਤੀ ਜੋੜੀ ਨੂੰ ਮਲੇਸ਼ੀਆ ਦੀ ਯੇਨ ਯੁਆਨ ਲੋ ਤੇ ਵੇਲੇਰੀ ਸਿਓ ਨੂੰ 21-11, 21-13 ਨਾਲ ਹਰਾਉਣ ‘ਚ ਖ਼ਾਸ ਮਿਹਨਤ ਨਹੀਂ ਕਰਨੀ ਪਈ। ਵੈਂਕਟ ਗੌਰਵ ਪ੍ਰਸਾਦ ਤੇ ਜੂਹੀ ਦੇਵਗਨ ਦੀ ਮਿਕਸਡ ਡਬਲਜ਼ ਜੋੜੀ ਨੂੰ ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਭਾਰਤੀ ਜੋੜੀ ਇੰਗਲੈਂਡ ਦੇ ਗ੍ਰੇਗਰੀ ਮਾਇਰਸ ਤੇ ਜੇਨੀ ਮੂਰ ਹੱਥੋਂ 10-21, 21-23 ਨਾਲ ਹਾਰ ਗਈ।