ਪਾਕਿਸਤਾਨ ਨੇ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ‘ਚ ਪਹੁੰਚਣ ਦੀ ਉਮੀਦ ਨੂੰ ਬਰਕਰਾਰ ਰੱਖਿਆ ਹੈ ਕਿਉਂਕਿ ਉਸ ਨੇ ਸੁਪਰ 12 ਗਰੁੱਪ 2 ਦੇ 36ਵੇਂ ਮੈਚ ‘ਚ ਦੱਖਣੀ ਅਫਰੀਕਾ ਨੂੰ 33 ਦੌੜਾਂ ਨਾਲ ਹਰਾ ਦਿੱਤਾ। ਮੈਚ ‘ਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇਫਤਿਖਾਰ ਅਹਿਮਦ ਦੀਆਂ 51 ਦੌੜਾਂ ਤੇ ਸ਼ਾਦਾਬ ਖਾਨ ਦੀਆਂ 52 ਦੌੜਾਂ ਦੀ ਬਦੌਲਤ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 185 ਦੌੜਾਂ ਬਣਾਈਆਂ। ਇਸ ਤਰ੍ਹਾਂ ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਜਿੱਤ ਲਈ 186 ਦੌੜਾਂ ਦਾ ਟੀਚਾ ਦਿੱਤਾ। ਦੱਖਣੀ ਅਫਰੀਕਾ ਵਲੋਂ ਪਾਰਨੇਲ ਨੇ 1, ਰਬਾਡਾ ਨੇ 1, ਲੁੰਗੀ ਐਨਡਿਗੀ ਨੇ 1, ਨਾਰਤਜੇ ਨੇ 4 ਤੇ ਸ਼ਮਸੀ ਨੇ 1 ਵਿਕਟ ਲਏ। ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੇ ਖ਼ਰਾਬ ਪ੍ਰਦਰਸ਼ਨ ਨਾਲ 9 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 69 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਨੂੰ ਜਿੱਤ ਲਈ 73 ਦੌੜਾਂ ਦੀ ਲੋੜ ਸੀ ਪਰ ਇਸ ਦੌਰਾਨ ਮੀਂਹ ਪੈਣ ਲੱਗਾ ਤੇ ਮੈਚ ਨੂੰ ਰੋਕ ਦਿੱਤਾ ਗਿਆ। ਮੀਂਹ ਰੁਕਣ ਦੇ ਬਾਅਦ ਮੈਚ ਮੁੜ ਸ਼ੁਰੂ ਕੀਤਾ ਗਿਆ। ਹੁਣ ਮੈਚ 14 ਓਵਰਾਂ ਦਾ ਨਿਰਧਾਰਤ ਕਰਕੇ ਦੱਖਣੀ ਅਫਰੀਕਾ ਲਈ 142 ਦੌੜਾਂ ਦਾ ਟੀਚਾ ਨਿਰਧਾਰਤ ਕੀਤਾ ਗਿਆ ਪਰ ਦੱਖਣੀ ਅਫਰੀਕਾ ਨਿਰਧਾਰਤ 14 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ਨਾਲ 108 ਦੌੜਾਂ ਬਣਾ ਸਕੀ ਤੇ ਮੈਚ 33 ਦੌੜਾਂ ਨਾਲ ਹਾਰ ਗਈ। ਦੱਖਣੀ ਅਫਰੀਕਾ ਵਲੋਂ ਕਪਤਾਨ ਟੇਂਬਾ ਬਾਵੁਮਾ ਨੇ ਸਭ ਤੋਂ ਵੱਧ 36 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਬਾਕੀ ਦੇ ਬੱਲੇਬਾਜ਼ ਸਸਤੇ ‘ਚ ਆਊਟ ਹੋਏ। ਪਾਕਿਸਤਾਨ ਵਲੋਂ ਸ਼ਾਹੀਨ ਸ਼ਾਹ ਅਫਰੀਦੀ ਨੇ 3, ਨਸੀਮ ਸ਼ਾਹ ਨੇ 1, ਹਾਰਿਸ ਰਊਫ ਨੇ 1, ਮੁਹੰਮਦ ਵਸੀਮ ਨੇ 1 ਤੇ ਸ਼ਾਦਾਬ ਖਾਨ ਨੇ 2 ਵਿਕਟਾਂ ਲਈਆਂ।