ਸਿਓਲ ਤੋਂ ਕਰੀਬ 50 ਕਿਲੋਮੀਟਰ ਦੱਖਣ ਪੂਰਬ ਵਿਚ ਇਚੀਓਨ ’ਚ ਇਕ ਹਸਪਤਾਲ ’ਚ ਅੱਗ ਲੱਗਣ ਕਾਰਨ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 37 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ’ਚ ਦੱਸਿਆ ਗਿਆ ਕਿ ਚਾਰ ਮੰਜ਼ਿਲਾ ਇਮਾਰਤ ਦੀ ਉਪਰਲੀ ਮੰਜ਼ਿਲ ’ਤੇ ਸਥਿਤ ਡਾਇਲਸਿਸ ਹਸਪਤਾਲ ’ਚ ਸਵੇਰੇ 10:17 ਵਜੇ ਅੱਗ ਲੱਗੀ ਜਿੱਥੇ 33 ਮਰੀਜ਼ਾਂ ਸਮੇਤ 46 ਲੋਕ ਠਹਿਰੇ ਹੋਏ ਸਨ। ਪੀਡ਼ਤ, ਜਿਨ੍ਹਾਂ ’ਚ ਤਿੰਨ ਮਰੀਜ਼ ਸ਼ਾਮਲ ਸਨ, ਸਾਰੇ ਚੌਥੀ ਮੰਜ਼ਿਲ ’ਤੇ ਪਾਏ ਗਏ ਸਨ। 21 ਫਾਇਰ ਟਰੱਕਾਂ ਅਤੇ 51 ਕਰਮਚਾਰੀਆਂ ਨੇ ਮਿਲ ਕੇ ਸਵੇਰੇ 11:29 ਵਜੇ ’ਤੇ ਪੂਰੀ ਤਰ੍ਹਾਂ ਅੱਗ ਬੁਝਾ ਦਿੱਤੀ। ਫਿਰ ਇਹ ਦੇਖਣ ਲਈ ਬਚਾਅ ਕਰਮਚਾਰੀਆਂ ਨੂੰ ਭੇਜਿਆ ਗਿਆ ਕਿ ਚੌਥੀ ਮੰਜ਼ਿਲ ’ਤੇ ਕੀ ਕਿਸੇ ਨੂੰ ਮਦਦ ਦੀ ਲੋਡ਼ ਤਾਂ ਨਹੀਂ ਹੈ। ਫਾਇਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਅੱਗ ਇਮਾਰਤ ਦੀ ਤੀਜੀ ਮੰਜ਼ਿਲ ’ਤੇ ਇਕ ਸਕਰੀਨ ਗੋਲਫ ਸਹੂਲਤ ਤੋਂ ਸ਼ੁਰੂ ਹੋਈ ਸੀ ਹਾਲਾਂਕਿ ਇਹ ਪਤਾ ਲਗਾਉਣ ਲਈ ਜਾਂਚ ਦੀ ਲੋਡ਼ ਹੈ ਕਿ ਅੱਗ ਕਿੱਥੇ ਅਤੇ ਕਿਉਂ ਲੱਗੀ। ਅਧਿਕਾਰੀਆਂ ਦੇ ਅਨੁਸਾਰ ਇਮਾਰਤ ’ਚ ਇਕ ਓਰੀਐਂਟਲ ਮੈਡੀਕਲ ਕਲੀਨਿਕ ਅਤੇ ਦੂਜੀ ਅਤੇ ਤੀਜੀ ਮੰਜ਼ਿਲ ’ਤੇ ਦਫਤਰ ਅਤੇ ਪਹਿਲੀ ਮੰਜ਼ਿਲ ’ਤੇ ਰੈਸਟੋਰੈਂਟ ਵੀ ਹਨ।