ਟੀ-20 ਵਰਲਡ ਕੱਪ ਦੇ ਇਕ ਮੁਕਾਬਲੇ ‘ਚ ਸਿਕੰਦਰ ਰਜ਼ਾ (82 ਦੌੜਾਂ, ਇਕ ਵਿਕਟ) ਦੇ ਆਲਰਾਊਂਡਰ ਪ੍ਰਦਰਸ਼ਨ ਅਤੇ ਬਲੇਸਿੰਗ ਮੁਜਰਬਜ਼ਾਨੀ (15/3) ਦੀ ਤਿੱਖੀ ਗੇਂਦਬਾਜ਼ੀ ਦੀ ਬਦੌਲਤ ਜ਼ਿੰਬਾਬਵੇ ਨੇ ਆਇਰਲੈਂਡ ਨੂੰ 31 ਦੌੜਾਂ ਨਾਲ ਹਰਾ ਦਿੱਤਾ। ਜ਼ਿੰਬਾਬਵੇ ਨੇ ਗਰੁੱਪ ਬੀ ਦੇ ਆਪਣੇ ਪਹਿਲੇ ਮੈਚ ‘ਚ ਆਇਰਲੈਂਡ ਨੂੰ 175 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ ‘ਚ ਆਇਰਲੈਂਡ ਦੀ ਟੀਮ 143 ਦੌੜਾਂ ਹੀ ਬਣਾ ਸਕੀ। ਆਇਰਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਦੇ ਹੋਏ ਸਲਾਮੀ ਬੱਲੇਬਾਜ਼ ਰੇਗਿਸ ਚੱਕਾਬਵਾ ਨੂੰ ਪਾਰੀ ਦੀ ਪਹਿਲੀ ਹੀ ਗੇਂਦ ‘ਤੇ ਆਊਟ ਕੀਤਾ। ਕ੍ਰੇਗ ਇਰਵਿਨ ਅਤੇ ਵੇਸਲੇ ਮਧਵੇਰੇ ਨੇ ਦੂਜੀ ਵਿਕਟ ਲਈ 37 ਦੌੜਾਂ ਜੋੜੀਆਂ ਪਰ ਦੋਵੇਂ 37 ਦੌੜਾਂ ਦੇ ਕੁੱਲ ਸਕੋਰ ‘ਤੇ ਆਊਟ ਹੋ ਗਏ। ਪੰਜਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਰਜ਼ਾ ਨੇ ਫਿਰ ਜ਼ਿੰਬਾਬਵੇ ਦੀ ਪਾਰੀ ਨੂੰ ਅੱਗੇ ਵਧਾਇਆ ਅਤੇ 48 ਗੇਂਦਾਂ ‘ਤੇ ਪੰਜ ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 82 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼ਾਨ ਵਿਲੀਅਮਜ਼ ਨੇ 12 (11) ਦੌੜਾਂ, ਮਿਲਟਨ ਸ਼ੁੰਬਾ ਨੇ 16 (14) ਦੌੜਾਂ ਜਦਕਿ ਲਿਊਕ ਜੋਂਗਵੇ ਨੇ 20 (10) ਦੌੜਾਂ ਦਾ ਯੋਗਦਾਨ ਦਿੱਤਾ। ਆਇਰਲੈਂਡ ਵਲੋਂ ਜੋਸ਼ੂਆ ਲਿਟਲ ਨੇ ਚਾਰ ਓਵਰਾਂ ‘ਚ 24 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦੋਂਕਿ ਮਾਰਕ ਅਡਾਇਰ ਨੇ (ਚਾਰ ਓਵਰ, 39 ਦੌੜਾਂ) ਅਤੇ ਸਿਮੀ ਸਿੰਘ (ਤਿੰਨ ਓਵਰ, 31 ਦੌੜਾਂ) ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।