ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਮੰਨਿਆ ਕਿ ਸ਼ਹਿਰ ਦੇ ਸਕੂਲਾਂ ‘ਚ ਨਸਲੀ ਵਿਤਕਰਾ ਮੌਜੂਦ ਹੈ ਅਤੇ ਇਸ ਨੂੰ ਲੈ ਕੇ ਉਸ ਵੱਲੋਂ ਅਹਿਮ ਫ਼ੈਸਲਾ ਲਿਆ ਗਿਆ ਹੈ। ਇਸ ਨੂੰ ਖ਼ਤਮ ਕਰਨ ਲਈ ਬੋਰਡ ਨੇ ਵੱਡਾ ਕਦਮ ਚੁੱਕਿਆ ਹੈ। ਬੋਰਡ ਨੇ ਸਮੱਸਿਆ ਦੇ ਹੱਲ ਲਈ ਸੂਬਾਈ ਮਨੁੱਖੀ ਅਧਿਕਾਰ ਸੰਸਥਾ ਦੀ ਮਦਦ ਲੈਣ ਦਾ ਫ਼ੈਸਲਾ ਕੀਤਾ ਹੈ। ਮਨੁੱਖੀ ਅਧਿਕਾਰ ਸੰਸਥਾ ਨੂੰ ਵੀ ਇਸ ਲਈ ਢਾਂਚਾ ਬਣਾਉਣ ਲਈ ਕਿਹਾ ਗਿਆ ਹੈ। ਬੋਰਡ ਨੇ ਟਰੱਸਟੀ ਯਾਲਿਨੀ ਰਾਜਕੁਲਾਸਿੰਘਮ ਦੁਆਰਾ ਪੇਸ਼ ਇਕ ਮਤਾ ਵੀ ਪਾਸ ਕੀਤਾ। 16 ਟਰੱਸਟੀਆਂ ਨੇ ਮਤੇ ਦੇ ਹੱਕ ‘ਚ ਵੋਟ ਪਾਈ, ਜਦੋਂ ਕਿ ਪੰਜ ਨੇ ਇਸ ਦੇ ਵਿਰੋਧ ‘ਚ ਵੋਟ ਪਾਈ। ਅਜਿਹਾ ਕਰਕੇ ਟੋਰਾਂਟੋ ਸਕੂਲ ਬੋਰਡ ਜਾਤੀ ਭੇਦਭਾਵ ਨੂੰ ਖ਼ਤਮ ਕਰਨ ਲਈ ਅਜਿਹਾ ਕਦਮ ਚੁੱਕਣ ਵਾਲਾ ਦੇਸ਼ ਦਾ ਪਹਿਲਾ ਬੋਰਡ ਬਣ ਗਿਆ ਹੈ। ਬੋਰਡ ਟਰੱਸਟੀ ਯਾਲਿਨੀ ਰਾਜਕੁਲਾਸਿੰਘਮ ਨੇ ਕਿਹਾ ਕਿ ‘ਇਹ ਕਦਮ ਖੇਤਰ ‘ਚ ਦੱਖਣੀ ਏਸ਼ੀਅਨ ਡਾਇਸਪੋਰਾ, ਖਾਸ ਕਰਕੇ ਭਾਰਤੀ ਅਤੇ ਹਿੰਦੂ ਭਾਈਚਾਰਿਆਂ ਦੇ ਮਹੱਤਵਪੂਰਨ ਮੁੱਦੇ ਨੂੰ ਸੰਬੋਧਿਤ ਕਰਦਾ ਹੈ। ਇੰਡੀਆ ਦੀ ਜਾਤ ਪ੍ਰਣਾਲੀ ਸਖ਼ਤ ਸਮਾਜਿਕ ਪੱਧਰੀਕਰਨ ਦੇ ਵਿਸ਼ਵ ਦੇ ਸਭ ਤੋਂ ਪੁਰਾਣੇ ਰੂਪਾਂ ‘ਚੋਂ ਇਕ ਹੈ। ਇਹ ਪ੍ਰਸਤਾਵ ਭਾਈਚਾਰਿਆਂ ਨੂੰ ਸ਼ਕਤੀ ਪ੍ਰਦਾਨ ਕਰੇਗਾ ਅਤੇ ਸੁਰੱਖਿਅਤ ਸਕੂਲ ਪ੍ਰਦਾਨ ਕਰੇਗਾ ਜੋ ਉਨ੍ਹਾਂ ਦੇ ਵਿਦਿਆਰਥੀ ਹੱਕਦਾਰ ਹਨ। ਰਾਜਕੁਲਾਸਿੰਘਮ ਨੇ ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਂਟਾਰੀਓ ਦੇ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਟੋਰਾਂਟੋ ਦੇ ਸਕੂਲ ਬੋਰਡ ਵਿਚਕਾਰ ਭਾਈਵਾਲੀ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ‘ਜਾਤੀ ਪ੍ਰਣਾਲੀ ਹਜ਼ਾਰਾਂ ਸਾਲ ਪੁਰਾਣੀ ਹੈ ਅਤੇ ਉੱਚ ਜਾਤੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੰਦੀ ਹੈ ਪਰ ਨੀਵੀਆਂ ਜਾਤਾਂ ਦਾ ਦਮਨ ਕਰਦੀ ਹੈ। ਦਲਿਤ ਭਾਈਚਾਰਾ ਹਿੰਦੂ ਜਾਤੀ ਪ੍ਰਣਾਲੀ ਦੇ ਸਭ ਤੋਂ ਹੇਠਲੇ ਪੱਧਰ ‘ਤੇ ਕਾਬਜ਼ ਹੈ ਅਤੇ ਉਨ੍ਹਾਂ ਨੂੰ ‘ਅਛੂਤ’ ਮੰਨਿਆ ਜਾਂਦਾ ਹੈ।’