ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸਤਲੁਜ ਯਮੁਨਾ ਲਿੰਕ ਨਹਿਰ ਨਾ ਕੋਈ ਮੁੱਦਾ ਹੈ ਅਤੇ ਨਾ ਹੀ ਇਸ ‘ਤੇ ਮੀਟਿੰਗ ਕਰਨ ਦਾ ਕੋਈ ਲਾਭ ਹੈ। ਉਨ੍ਹਾਂ ਕਿਹਾ ਕਿ ਹੁਣ ਕੋਈ ਨਹਿਰ ਨਹੀਂ ਹੈ, ਨਾ ਪਾਣੀ ਹੈ ਅਤੇ ਨਾ ਹੀ ਜ਼ਮੀਨ। ਇਸ ਲਈ ਇਹ ਹੁਣ ਕੋਈ ਮੁੱਦਾ ਨਹੀਂ ਰਹਿ ਗਿਆ ਅਤੇ ਇਸ ਸਬੰਧੀ ਵਾਰ-ਵਾਰ ਮੀਟਿੰਗ ਕਰਨਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਬਾਰੇ ਲਿਖ ਕੇ ਦੇਣਾ ਚਾਹੀਦਾ ਹੈ ਕਿ ਜਿਹੜੀ ਚੀਜ਼ ਹੈ ਹੀ ਨਹੀਂ, ਉਸ ਬਾਰੇ ਗੱਲ ਕਰਨ ਦਾ ਕੀ ਲਾਭ। ਮੁੱਖ ਮੰਤਰੀ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਗੁਰਦੁਆਰਿਆਂ ਦੀਆਂ ਗੋਲਕਾਂ ਬਾਰੇ ਵਰਤੀ ਸ਼ਬਦਾਵਲੀ ਸਬੰਧੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਸਤਿਕ ਵਿਅਕਤੀ ਹਨ ਅਤੇ ਜੇ ਉਨ੍ਹਾਂ ਨੂੰ ਗੁਰੂ ਘਰ ਦੀ ਮਰਿਆਦਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਤਾਂ ਮਰਿਆਦਾ ਬਾਰੇ ਘਟੀਆ ਬਿਆਨ ਨਹੀਂ ਦੇਣੇ ਚਾਹੀਦੇ। ਜਾਣਕਾਰੀ ਮੁਤਾਬਕ ਬਾਦਲ ਪਰਿਵਾਰ ਅੰਮ੍ਰਿਤਸਰ ਹਰ ਕੀ ਪੌੜੀ ਵਿਖੇ ਆਰੰਭ ਕਰਵਾਏ ਅਖੰਡ ਪਾਠ ਦੇ ਸਬੰਧ ‘ਚ ਪਹੁੰਚਿਆ ਹੋਇਆ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਕਈ ਸਾਲ ਪਹਿਲਾਂ ਇਥੇ ਅਖੰਡ ਪਾਠ ਬੁੱਕ ਕਰਾਇਆ ਸੀ ਅਤੇ ਹੁਣ ਵਾਰੀ ਆਈ ਹੈ। ਇਥੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੰਗਰ ਘਰ ‘ਚ ਜੂਠੇ ਭਾਂਡੇ ਸਾਫ ਕਰਨ ਦੀ ਸੇਵਾ ਕੀਤੀ ਜਦੋਂ ਕਿ ਸੁਖਬੀਰ ਸਿੰਘ ਬਾਦਲ ਨੇ ਜੋੜੇ ਘਰ ‘ਚ ਜੋੜਿਆਂ ਦੀ ਸੇਵਾ ਕੀਤੀ।