ਪੰਜਾਬੀ ਪਰਿਵਾਰ ਦੇ ਚਾਰ ਜੀਆਂ ਦੀ ਅਮਰੀਕਾ ‘ਚ ਅਗਵਾ ਮਗਰੋਂ ਹੋਈ ਹੱਤਿਆ ਤੋਂ ਬਾਅਦ ਦੇ ਮਰਸਿਡ ਸ਼ਹਿਰ ਦੇ ਸੈਂਕੜੇ ਲੋਕਾਂ ਨੇ ਹੱਥਾਂ ‘ਚ ਮੋਮਬੱਤੀਆਂ ਲੈ ਕੈਂਡਲ ਮਾਰਚ ਕੱਢਿਆ ਅਤੇ ਮਰਹੂਮ ਸਿੱਖ ਪਰਿਵਾਰ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਵੱਡੀ ਗਿਣਤੀ ਲੋਕ ਗਮਜ਼ਦਾ ਸਨ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਦੀ ਸੈਂਟਰਲ ਵੈਲੀ ‘ਚ ਇਕ ਪੰਜਾਬੀ ਪਰਿਵਾਰ ਨੂੰ ਅਗਵਾ ਕਰ ਲਿਆ ਗਿਆ ਸੀ ਤੇ ਮਗਰੋਂ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕਾਂ ‘ਚ ਇਕ ਅੱਠ ਮਹੀਨਿਆਂ ਦੀ ਬੱਚੀ ਸਣੇ ਚਾਰ ਜਣੇ ਸ਼ਾਮਲ ਸਨ। ਹੱਤਿਆਰਾ ਮ੍ਰਿਤਕਾਂ ਦਾ ਸਾਬਕਾ ਮੁਲਾਜ਼ਮ ਸੀ। 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਕੌਰ, ਅੱਠ ਮਹੀਨਿਆਂ ਦੀ ਬੱਚੀ ਅਰੂਹੀ ਢੇਰੀ ਤੇ 39 ਸਾਲਾ ਅਮਨਦੀਪ ਸਿੰਘ ਦੀਆਂ ਲਾਸ਼ਾਂ ਬੁੱਧਵਾਰ ਸ਼ਾਮ ਇਕ ਬਾਗ ਵਿੱਚੋਂ ਮਿਲੀਆਂ ਸਨ। ਉਨ੍ਹਾਂ ਨੂੰ ਸੋਮਵਾਰ ਅਗਵਾ ਕੀਤਾ ਗਿਆ ਸੀ। ਪਰਿਵਾਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰਸੀ ਪਿੰਡ ਨਾਲ ਸਬੰਧਤ ਹੈ। ਮਰਸਿਡ ਸ਼ਹਿਰ ਦੇ ਪ੍ਰਸ਼ਾਸਨ ਨੇ 9 ਅਕਤੂਬਰ ਤੱਕ ਹਰ ਰਾਤ ਪਰਿਵਾਰ ਦੀ ਯਾਦ ‘ਚ ਮੋਮਬੱਤੀ ਮਾਰਚ ਕਰਨ ਦਾ ਫ਼ੈਸਲਾ ਕੀਤਾ ਹੈ। ਬੌਬ ਹਾਰਟ ਡਾਊਨਟਾਊਨ ‘ਚ ਹਰ ਤਰ੍ਹਾਂ ਦੇ ਪਿਛੋਕੜ ਵਾਲੇ ਲੋਕ ਇਕੱਠੇ ਹੋਏ। ਉਨ੍ਹਾਂ ਪੰਜਾਬੀ, ਸਪੈਨਿਸ਼ ਤੇ ਅੰਗਰੇਜ਼ੀ ‘ਚ ਅਰਦਾਸ-ਪ੍ਰਾਰਥਨਾ ਕੀਤੀ। ‘ਸਾਂ ਫਰਾਂਸਿਸਕੋ ਕਰੌਨੀਕਲਜ਼’ ਦੀ ਇਕ ਰਿਪੋਰਟ ਮੁਤਾਬਕ ਕ੍ਰਿਸਚਨ ਲਾਈਫ਼ ਸੈਂਟਰ ਦੇ ਪਾਦਰੀ ਸੀਜ਼ਰ ਜੌਹਨਸਨ ਭੀੜ ‘ਚ ਫੁਟ-ਫੁਟ ਕੇ ਰੋਏ ਤੇ ਵਿਛੜੀਆਂ ਰੂਹਾਂ ਲਈ ਪ੍ਰਾਰਥਨਾ ਕੀਤੀ। ਪੀੜਤ ਪਰਿਵਾਰ ਦੇ ਮਿੱਤਰ ਸੁਖ ਬੇਲਾ ਨੇ ਇਸ ਮੌਕੇ ਇਕੱਠੇ ਹੋਏ ਲੋਕਾਂ ਦਾ ਧੰਨਵਾਦ ਕੀਤਾ। ਲੋਕਾਂ ਨੇ ਸੂਰਜ ਛਿਪਣ ਮੌਕੇ ਮੋਮਬੱਤੀਆਂ ਬਾਲ ਕੇ ਫੁੱਲ, ਤਸਵੀਰਾਂ ਤੇ ਖਿਡੌਣੇ ਸ਼ਰਧਾਂਜਲੀ ਵਜੋਂ ਭੇਟ ਕੀਤੇ। ਇਕੱਠੇ ਹੋਏ ਹਰ ਤਰ੍ਹਾਂ ਦੇ ਪਿਛੋਕੜ ਵਾਲੇ ਲੋਕਾਂ ਨੇ ਦੁਖੀ ਪਰਿਵਾਰ ਨਾਲ ਇਕਜੁੱਟਤਾ ਪ੍ਰਗਟ ਕੀਤੀ।