ਸਿੰਗਾਪੁਰ ’ਚ ਕੋਵਿਡ-19 ਦੇ 12,784 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 14,85,964 ਹੋ ਗਈ ਹੈ। ਪਿਛਲੇ ਤਿੰਨ ਮਹੀਨਿਆਂ ’ਚ ਮੰਗਲਵਾਰ ਨੂੰ ਸਭ ਤੋਂ ਵੱਧ ਰੋਜ਼ਾਨਾ ਮਾਮਲੇ ਸਾਹਮਣੇ ਆਏ। ਅਧਿਕਾਰਤ ਅੰਕਡ਼ਿਆਂ ਅਨੁਸਾਰ ਲਾਗ ਨਾਲ ਦੋ ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1421 ਹੋ ਗਈ ਹੈ। ਜਾਣਕਾਰੀ ਮੁਤਾਬਕ ਸਿੰਗਾਪੁਰ ’ਚ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਹਸਪਤਾਲ ਅਤੇ ਰਿਹਾਇਸ਼ੀ ਦੇਖਭਾਲ ਘਰ ਵੀਰਵਾਰ ਤੋਂ ਚਾਰ ਹਫ਼ਤਿਆਂ ਲਈ ਉਥੇ ਆਉਣ ਵਾਲਿਆਂ ਦੀ ਗਿਣਤੀ ਨੂੰ ਸੀਮਤ ਕਰਨ ਜਾ ਰਹੇ ਹਨ। ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਇਨ੍ਹਾਂ ਸਿਹਤ ਕੇਂਦਰਾਂ ‘ਤੇ ਆਉਣ ਵਾਲਿਆਂ ਦੀ ਗਿਣਤੀ ਸੀਮਤ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਨਿਯਮ 7 ਜੁਲਾਈ ਤੋਂ 3 ਅਗਸਤ ਤੱਕ ਲਾਗੂ ਰਹੇਗਾ, ਇਸ ਦਾ ਮਕਸਦ ਬਹੁਤ ਜ਼ਿਆਦਾ ਬਿਮਾਰ ਮਰੀਜ਼ਾਂ ਅਤੇ ਨਿਵਾਸੀਆਂ ਨੂੰ ਸੁਰੱਖਿਅਤ ਰੱਖਣਾ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਉਹ ਨਿਯਮਿਤ ਤੌਰ ’ਤੇ ਸਥਿਤੀ ਦੀ ਸਮੀਖਿਆ ਕਰੇਗਾ। ਸਿਹਤ ਮੰਤਰੀ ਓਂਗ ਯੇ ਕੁੰਗ ਨੇ ਸੰਸਦ ਨੂੰ ਦੱਸਿਆ ਕਿ ਸਿੰਗਾਪੁਰ ’ਚ ਕੋਵਿਡ-19 ਦੀ ਮੌਜੂਦਾ ਲਹਿਰ ਜਲਦੀ ਹੀ ਆਪਣੇ ਸਿਖਰ ’ਤੇ ਪਹੁੰਚ ਸਕਦੀ ਹੈ। ਹਾਲਾਂਕਿ ਇਹ ਕਰੋਨਾ ਵਾਇਰਸ ਦੀ ਲਾਗ ਦੇ ‘ਓਮੀਕਰੋਨ’ ਰੂਪ ਜਿੰਨਾ ਘਾਤਕ ਨਹੀਂ ਹੋਵੇਗਾ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ।