ਸੁਡਾਨ ਦੀ ਫੌਜ ਨੇ ਦੇਸ਼ ‘ਤੇ ਮੁੜ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ‘ਚ ਰਾਜਧਾਨੀ ਦੇ ਨੇੜੇ ਅਰਧ ਸੈਨਿਕ ਬਲ ਦੇ ਕੈਂਪ ‘ਤੇ ਹਵਾਈ ਹਮਲੇ ਸ਼ੁਰੂ ਕੀਤੇ ਜਿਸ ‘ਚ ਕਈ ਲੜਾਕੂ ਅਤੇ ਘੱਟੋ-ਘੱਟ 56 ਨਾਗਰਿਕ ਮਾਰੇ ਗਏ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਭਾਰੀ ਲੜਾਈ ਦੇ ਮਗਰੋਂ ਫੌਜ ਨੇ ਰਾਜਧਾਨੀ ਖਾਰਤੌਮ ਦੇ ਨਾਲ ਲੱਗਦੇ ਓਮਦੁਰਮਨ ਸ਼ਹਿਰ ‘ਚ ਸਰਕਾਰ ਦੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸ ਨਾਲ ਸਬੰਧਤ ਇਕ ਟਿਕਾਣੇ ‘ਤੇ ਹਮਲਾ ਕੀਤਾ। ਸੂਡਾਨੀਜ਼ ਡਾਕਟਰਜ਼ ਯੂਨੀਅਨ ਨੇ ਦੱਸਿਆ ਕਿ ਲੜਾਈ ਸ਼ੁਰੂ ਹੋਣ ਤੋਂ ਬਾਅਦ ਘੱਟੋ-ਘੱਟ 56 ਨਾਗਰਿਕ ਮਾਰੇ ਗਏ ਸਨ ਅਤੇ ਲੜਾਕੂਆਂ ਸਮੇਤ 595 ਲੋਕ ਜ਼ਖਮੀ ਹੋ ਗਏ ਸਨ। ਸੂਡਾਨ ਦੀ ਫੌਜ ਅਤੇ ਇਕ ਤਾਕਤਵਰ ਨੀਮ ਫੌਜੀ ਬਲ ਵਿਚਾਲੇ ਰਾਜਧਾਨੀ ਅਤੇ ਹੋਰ ਖੇਤਰਾਂ ‘ਚ ਹੋਈ ਲੜਾਈ 27 ਜਣੇ ਮਾਰੇ ਗਏ ਸਨ। ਇਸ ਸੰਘਰਸ਼ ਨਾਲ ਲੋਕਤੰਤਰ ‘ਚ ਤਬਦੀਲੀ ਦੀਆਂ ਆਸਾਂ ਨੂੰ ਝਟਕਾ ਲੱਗਿਆ ਹੈ ਅਤੇ ਇਕ ਹੋਰ ਵੱਡੇ ਸੰਘਰਸ਼ ਦਾ ਖਦਸ਼ਾ ਪੈਦਾ ਹੋ ਗਿਆ ਹੈ। ਲੜਾਈ ਦੌਰਾਨ ਖਾਰਤੌਮ ਦੀ ਰਾਜਧਾਨੀ ‘ਚ ਹਫੜਾ-ਦਫੜੀ ਵਾਲੇ ਦ੍ਰਿਸ਼ ਸਾਹਮਣੇ ਆਏ। ਲੜਾਕਿਆਂ ਨੇ ਸੰਘਣੀ ਆਬਾਦੀ ਵਾਲੇ ਖੇਤਰਾਂ ‘ਚ ਮਸ਼ੀਨ ਗੰਨ ਨਾਲ ਫਾਇਰਿੰਗ ਕੀਤੀ। ਓਮਦੁਰਮਨ ਦੇ ਇਕ ਸਰਕਾਰੀ ਹਸਪਤਾਲ ਦੇ ਡਾਕਟਰ ਅਮਲ ਮੁਹੰਮਦ ਨੇ ਕਿਹਾ, ‘ਹਰ ਪਾਸੇ ਅੱਗ ਅਤੇ ਧਮਾਕੇ ਹੋ ਰਹੇ ਹਨ।’ ਸਥਾਨਕ ਵਾਸੀ ਅਬਦੇਲ-ਹਾਮਿਦ ਮੁਸਤਫਾ ਨੇ ਕਿਹਾ, ‘ਅਸੀਂ ਖਾਰਤੌਮ ‘ਚ ਇਸ ਤਰ੍ਹਾਂ ਦੀ ਲੜਾਈ ਪਹਿਲਾਂ ਨਹੀਂ ਵੇਖੀ।’