ਸਾਤਵਿਕ ਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਸੈਮੀਫਾਈਨਲ ‘ਚ ਛੇਵਾਂ ਦਰਜਾ ਪ੍ਰਾਪਤ ਮਲੇਸ਼ੀਆ ਦੇ ਆਰੋਨ ਚਿਆ ਅਤੇ ਸੋਹ ਵੂਈ ਯਿਕ ਤੋਂ ਹਾਰ ਕੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ‘ਚ ਆਪਣਾ ਪਹਿਲਾ ਕਾਂਸੀ ਦਾ ਤਗ਼ਮਾ ਜਿੱਤ ਕੇ ਆਪਣੀ ਮੁਹਿੰਮ ਸਮਾਪਤ ਕੀਤੀ। ਦੁਨੀਆ ਦੀ ਸੱਤਵੇਂ ਨੰਬਰ ਦੀ ਭਾਰਤੀ ਜੋੜੀ ਪਹਿਲੀ ਗੇਮ ‘ਚ ਜਿੱਤ ਦਾ ਫਾਇਦਾ ਨਹੀਂ ਉਠਾ ਸਕੀ ਅਤੇ 77 ਮਿੰਟ ਤੱਕ ਚੱਲੇ ਮੈਚ ‘ਚ 22-20, 18-21, 16-21 ਨਾਲ ਹਾਰ ਗਈ। ਸਾਤਵਿਕ ਅਤੇ ਚਿਰਾਗ ਦੀ ਮਲੇਸ਼ੀਆ ਦੀ ਜੋੜੀ ਦੇ ਹੱਥੋਂ ਇਹ ਲਗਾਤਾਰ ਛੇਵੀਂ ਹਾਰ ਹੈ। ਉਧਾ ਦੂਜੇ ਪਾਸੇ ਯੂਕੀ ਭਾਂਬਰੀ ਦੀ ਦੂਜੇ ਗੇੜ ‘ਚ ਬੈਲਜੀਅਮ ਦੇ ਜੀਜੋ ਬਰਗ ਹੱਥੋਂ ਸਿੱਧੇ ਸੈਟਾਂ ਵਿਚ ਹਾਰ ਨਾਲ ਇੰਡੀਆ ਦੀ ਯੂ.ਐੱਸ. ਓਪਨ ਕੁਆਲੀਫਾਇਰਸ ਟੈਨਿਸ ਟੂਰਨਾਮੈਂਟ ‘ਚ ਚੁਣੌਤੀ ਵੀ ਖ਼ਤਮ ਹੋ ਗਈ। ਇੰਡੀਆ ਦਾ ਇਹ 30 ਸਾਲਾ ਖਿਡਾਰੀ ਬੈਲਜੀਅਮ ਦੇ ਆਪਣੇ ਵਿਰੋਧੀ ਹੱਥੋਂ 3-6, 2-6 ਨਾਲ ਹਾਰ ਗਿਆ। ਵਿਸ਼ਵ ‘ਚ 552ਵੇਂ ਨੰਬਰ ਦੇ ਭਾਂਬਰੀ ਲਈ ਵਿਸ਼ਵ ‘ਚ 115ਵੇਂ ਨੰਬਰ ਦੇ ਬਰਗ ਦੇ ਸਾਹਮਣੇ ਮੁਕਾਬਲਾ ਕਿਸੇ ਵੀ ਸਮੇਂ ਸੌਖਾ ਨਹੀਂ ਰਿਹਾ। ਪਹਿਲੇ ਸੈਟ ‘ਚ ਹਾਲਾਂਕਿ ਇਕ ਸਮੇਂ ਸਕੋਰ 3-3 ਨਾਲ ਬਰਾਬਰੀ ‘ਤੇ ਸੀ। ਬਰਗ ਨੇ ਜਲਦ ਹੀ ਮੈਚ ਦਾ ਰੁਖ਼ ਪਲਟ ਦਿੱਤਾ ਤੇ ਪਹਿਲਾ ਸੈਟ ਜਿੱਤਣ ਤੋਂ ਬਾਅਦ ਦੂਜਾ ਸੈਟ ਵੀ ਆਸਾਨੀ ਨਾਲ ਆਪਣੇ ਨਾਂ ਕੀਤਾ।