ਪੰਜਾਬ ਦੇ ਬਹੁਚਰਚਿਤ ਅਤੇ ਕਬੱਡੀ ਮੈਚ ਦੌਰਾਨ ਕਤਲ ਕੀਤੇ ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਮਾਮਲੇ ‘ਚ ਪੁਲੀਸ ਨੇ ਅਖੀਰ ਸੁਰਜਨਜੀਤ ਸਿੰਘ ਉਰਫ ਸੁਰਜਨ ਚੱਠਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਲੰਧਰ ਪੁਲੀਸ ਵੱਲੋਂ ਇਹ ਗ੍ਰਿਫ਼ਤਾਰੀ ਕੀਤੇ ਜਾਣ ਦੀ ਖ਼ਬਰ ਹੈ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਦੀ ਅਪੀਲ ‘ਤੇ ਕਾਰਵਾਈ ਕਰਦਿਆਂ ਪੁਲੀਸ ਨੇ ਕਤਲ ਕੇਸ ਦੇ ਮੁਲਜ਼ਮ ਸੁਰਜਨ ਚੱਠਾ ਨੂੰ ਗ੍ਰਿਫ਼ਤਾਰ ਕੀਤਾ ਹੈ। ਰੁਪਿੰਦਰ ਕੌਰ ਨੇ ਕਰੀਬ ਛੇ ਮਹੀਨੇ ਪਹਿਲਾਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਅਪੀਲ ਕੀਤੀ ਸੀ ਕਿ ਸੁਰਜਨ ਚੱਠਾ ਜਲੰਧਰ ਦੇ ਕਰਤਾਰ ਪੈਲੇਸ ‘ਚ ਹੈ ਅਤੇ ਪੁਲੀਸ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰੇ। ਉਸ ਸਮੇਂ ਪੁਲੀਸ ਚੱਠਾ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਸੀ ਪਰ ਪੁਲੀਸ ਨੇ ਬੀਤੀ ਰਾਤ ਕਬੱਡੀ ਪ੍ਰਮੋਟਰ ਸੁਰਜਨ ਚੱਠਾ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਅਜੇ ਤੱਕ ਕਿਸੇ ਵੀ ਪੁਲੀਸ ਅਧਿਕਾਰੀ ਨੇ ਚੱਠਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਉਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੀਤੀ ਗਈ ਪੁਲੀਸ ਕਾਰਵਾਈ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ ਪੁਲੀਸ ਸੁਰਜਨ ਚੱਠਾ ਨੂੰ ਗ੍ਰਿਫ਼ਤਾਰ ਕਰਕੇ ਲੈ ਜਾ ਰਹੀ ਦਿਖਾਈ ਦਿੰਦੀ ਹੈ। ਦੱਸਣਯੋਗ ਹੈ ਕਿ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਸੋਸ਼ਲ ਮੀਡੀਆ ‘ਤੇ ਲਾਈਵ ਹੋਈ ਸੀ। ਉਨ੍ਹਾਂ ਪੁਲੀਸ ‘ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਸੀ। ਰੁਪਿੰਦਰ ਨੇ ਕਿਹਾ ਸੀ ਕਿ ਉਸ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਦੱਸਿਆ ਸੀ ਕਿ ਸੰਦੀਪ ਨੰਗਲ ਅੰਬੀਆਂ ਦੇ ਕਤਲ ਦਾ ਮੁਲਜ਼ਮ ਜਲੰਧਰ ਦੇ ਕਰਤਾਰ ਪੈਲੇਸ ‘ਚ ਬੈਠਾ ਹੈ। ਰੁਪਿੰਦਰ ਨੇ ਲਾਈਵ ਹੋ ਕੇ ਕਿਹਾ ਸੀ ਕਿ ਉਸ ਨੇ ਐੱਸ.ਐੱਸ.ਪੀ. ਨੂੰ ਵੁਆਇਸ ਮੈਸੇਜ ਵੀ ਭੇਜਿਆ ਸੀ ਅਤੇ ਫ਼ੋਨ ਵੀ ਕੀਤਾ ਸੀ। ਰੁਪਿੰਦਰ ਕੌਰ ਅਨੁਸਾਰ ਜਦੋਂ ਵੀ ਉਸ ਨੇ ਆਪਣੇ ਪਰਿਵਾਰ ਨੂੰ ਮਾਮਲੇ ਬਾਰੇ ਪੁੱਛਿਆ ਤਾਂ ਉਹ ਕਹਿੰਦੇ ਸਨ ਕਿ ਪੁਲੀਸ ਸੁਰਜਨ ਸਿੰਘ ਚੱਠਾ ਦੀ ਭਾਲ ਕਰ ਰਹੀ ਹੈ। ਯਾਦ ਰਹੇ ਕਿ ਰੁਪਿੰਦਰ ਕੌਰ ਆਪਣੇ ਦੋ ਬੱਚਿਆਂ ਸਣੇ ਇੰਗਲੈਂਡ ਰਹਿੰਦੀ ਹੈ ਅਤੇ ਸੰਦੀਪ ਨੰਗਲ ਅੰਬੀਆਂ ਵੀ ਉਥੇ ਹੀ ਰਹਿੰਦਾ ਸੀ। ਇਹ ਵੀ ਪਤਾ ਲੱਗਾ ਹੈ ਕਿ ਸੰਦੀਪ ਨੰਗਲ ਅੰਬੀਆਂ ਆਪਣੀ ਵੱਖਰੀ ਕਬੱਡੀ ਅਕੈਡਮੀ ਬਣਾ ਕੇ ਕਬੱਡੀ ਦੇ ਖੇਤਰ ‘ਚ ਕੁਝ ਨਿਵੇਕਲਾ ਕਰਨਾ ਚਾਹੁੰਦਾ ਸੀ ਜਿਸ ਕਰਕੇ ਕੁਝ ਲੋਕਾਂ ਨਾਲ ਉਸ ਦੇ ਮੱਤਭੇਦ ਪੈਦਾ ਹੋਏ ਜੋ ਬਾਅਦ ‘ਚ ਦੁਸ਼ਮਣੀ ਅਤੇ ਕਤਲ ਤੱਕ ਜਾ ਪੁੱਜੇ।