ਉੱਘੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਨੀਂਵੀਂ ਮੱਲ੍ਹੀਆਂ ‘ਚ ਕਬੱਡੀ ਮੈਚ ਦੌਰਾਨ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੇ ਮਾਮਲੇ ‘ਚ ਪੁਲੀਸ ਨੇ ਤਿੰਨ ਹੋਰ ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਇਸ ਨਾਲ ਚਰਚਿਤ ਹੱਤਿਆ ਮਾਮਲੇ ‘ਚ ਕਬੱਡੀ ਫੈਡਰੇਸ਼ਨਾਂ ਦੇ ਪ੍ਰਧਾਨਾਂ ਦੀ ਸ਼ਮੂਲੀਅਤ ਉਜਾਗਰ ਹੋਈ ਹੈ। ਸੰਦੀਪ ਦੀ ਪਤਨੀ ਅਤੇ ਭਰਾ ਦੇ ਕਹਿਣ ‘ਤੇ ਨਾਰਥ ਇੰਡੀਅਨ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੂਰਜਨ ਚੱਠਾ, ਨੈਸ਼ਨਲ ਕਬੱਡੀ ਫੈਡਰੇਸ਼ਨ ਆਫ਼ ਓਂਟਾਰੀਓ ਦੇ ਪ੍ਰਧਾਨ ਸੁੱਖਾ ਮਾਨ ਅਤੇ ਰਾਇਲ ਕਿੰਗਸ ਕਲੱਬ ਯੂ.ਐੱਸ.ਏ. ਦੇ ਮਾਲਕ ਸ਼ੱਬਾ ਥਿਆੜਾ ਦੇ ਨਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੱਬਾ ਥਿਆੜਾ 14 ਮਾਰਚ ਨੂੰ ਪਹਿਲਾਂ ਇੰਡੀਆ ਹੀ ਸੀ ਹੁਣ ਉਹ ਕੈਨੇਡਾ ਭੱਜ ਗਿਆ ਹੈ। ਜਾਣਕਾਰੀ ਮੁਤਾਬਕ ਹੁਣ ਤੱਕ 18 ਮੁਲਜ਼ਮ ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ‘ਚ ਨਾਮਜ਼ਦ ਕੀਤੇ ਜਾ ਚੁੱਕੇ ਹਨ। ਇਸ ਮਾਮਲੇ ‘ਚ ਸ਼ਿੱਬਾ ਥਿਆੜਾ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਦੌਰਾਨ ਉਸ ਨੇ ਦੱਸਿਆ ਕਿ ਸੁੱਖਾ ਮਾਨ ਅਤੇ ਥਿਆੜਾ ਭਰਾ ਨੂੰ ਫੈਡਰੇਸ਼ਨ ‘ਚ ਸ਼ਾਮਲ ਕਰਨਾ ਚਾਹੁੰਦੇ ਸਨ, ਜਿਸ ਨੂੰ ਸੰਦੀਪ ਨੰਗਲ ਨੇ ਇਨਕਾਰ ਕਰ ਦਿੱਤਾ ਸੀ। ਮ੍ਰਿਤਕ ਦੇ ਭਰਾ ਨੇ ਆਪਣੇ ਬਿਆਨ ‘ਚ ਦੱਸਿਆ ਕਿ ਸੰਦੀਪ ਨੰਗਲ ਦੇ ਕਤਲ ‘ਚ ਇਨ੍ਹਾਂ ਤਿੰਨਾਂ ਦਾ ਹੱਥ ਹੈ। ਸੰਦੀਪ ਦੇ ਭਰਾ ਨੂੰ ਵੀ ਕੇਸ ਵਾਪਸ ਲੈਣ ਨੂੰ ਲੈ ਕੇ ਧਮਕੀ ਦਿੱਤੀ ਜਾ ਰਹੀ ਸੀ। ਉਸ ਨੇ ਦੱਸਿਆ ਕਿ ਉਸ ਨੂੰ ਸੋਸ਼ਲ ਮੀਡੀਆ ਜ਼ਰੀਏ ਫੋਨ ਆਇਆ ਸੀ ਕਿ ਜੇਕਰ ਉਸ ਨੇ ਕੇਸ ਵਾਪਸ ਨਾ ਲਿਆ ਤਾਂ ਉਸ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ। ਉਸ ਦਾ ਹਾਲ ਵੀ ਸੰਦੀਪ ਵਰਗਾ ਹੋਵੇਗਾ। ਧਮਕੀ ਦੇਣ ਵਾਲਾ ਆਪਣੇ ਆਪ ਨੂੰ ਕੈਨੇਡਾ ਤੋਂ ਹਰਮਨਜੀਤ ਸਿੰਘ ਕੰਗ ਸੋਨੋਵਰ ਢਿੱਲੋਂ ਦਾ ਦੋਸਤ ਦੱਸ ਰਿਹਾ ਸੀ। ਜ਼ਿਕਰਯੋਗ ਹੈ ਕਿ ਗੁੜਗਾਓਂ ਤੋਂ ਸ਼ਾਰਪ ਸ਼ੂਟਰ ਹਰਪ੍ਰੀਤ ਸਿੰਘ ਹੈਰੀ ਵਾਸੀ ਬਠਿੰਡਾ, ਹੈਰੀ ਨਿਵਾਸੀ ਰਾਜਪੁਰਾ, ਵਿਕਾਸ ਮਾਹਲੇ, ਪੁਨੀਤ ਸ਼ਰਮਾ, ਨਰਿੰਦਰ ਸ਼ਾਰਦਾ ਉਰਫ਼ ਲੱਲੀ ਵਾਸੀ ਗੋਬਿੰਦ ਨਗਰ ਨੇ ਮੈਚ ਦੇ ਦੌਰਾਨ ਸੰਦੀਪ ਨੰਗਲ ਦਾ ਕਤਲ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਲੰਧਰ ਦਿਹਾਤੀ ਪੁਲੀਸ ਦੇ ਐੱਸ.ਐੱਸ.ਪੀ. ਸਵਰਣਦੀਪ ਸਿੰਘ ਨੇ ਕਿਹਾ ਕਿ ਮਾਮਲੇ ‘ਚ ਕਈ ਪਹਿਲੂਆਂ ‘ਤੇ ਜਾਂਚ ਕੀਤੀ ਜਾ ਰਹੀ ਹੈ।