ਸ਼ਰ੍ਹੇਆਮ ਗੋਲੀਆਂ ਮਾਰ ਕੇ ਕਤਲ ਕੀਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਸੰਦੀਪ ਸਿੰਘ ਨੰਗਲ ਅੰਬੀਆਂ ਮਾਮਲੇ ‘ਚ ਮੁਲਜ਼ਮ ਬਣਾਏ ਗਏ ਲੋਕਾਂ ਨੂੰ ਅਜੇ ਤੱਕ ਪੁਲਸ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ ਅਤੇ ਕੇਸ ਦੇ ਅਹਿਮ ਗਵਾਹਾਂ ਦੀ ਸੁਰੱਖਿਆ ਵੀ ਰਾਮ ਭਰੋਸੇ ਹੀ ਹੈ। ਇਹ ਗੱਲ ਸੰਦੀਪ ਅੰਬੀਆਂ ਦੀ ਵਿਧਵਾ ਰੁਪਿੰਦਰ ਕੌਰ ਸੰਧੂ ਨੇ ਕਹੀ। ਚੰਡੀਗੜ੍ਹ ‘ਚ ਪ੍ਰੈੱਸ ਕਲੱਬ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰੁਪਿੰਦਰ ਕੌਰ ਨੇ ਕਿਹਾ ਕਿ ਕਤਲ ਦੇ ਸਾਜ਼ਿਸ਼ਕਾਰ ਸ਼ਰੇਆਮ ਘੁੰਮ ਰਹੇ ਹਨ ਪਰ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਪੁਲੀਸ ਪ੍ਰਮੁੱਖ ਨੂੰ ਈਮੇਲ ਰਾਹੀਂ ਕਈ ਵਾਰ ਗੁਹਾਰ ਲਗਾ ਚੁੱਕੇ ਹਨ, ਇਥੋਂ ਤੱਕ ਕਿ ਮੁਲਜ਼ਮਾਂ ਦੇ ਟਿਕਾਣੇ ਵੀ ਦੱਸੇ ਤੇ ਲੋਕੇਸ਼ਨ ਵੀ, ਇਸ ਦੇ ਬਾਵਜੂਦ ਗ੍ਰਿਫ਼ਤਾਰੀ ਨਹੀਂ ਹੋਈ। ਰੁਪਿੰਦਰ ਕੌਰ ਨੇ ਸੰਦੀਪ ਦੇ ਕਤਲ ਦੇ ਗਵਾਹਾਂ ਦੀ ਜਾਨ ਨੂੰ ਵੀ ਖਤਰਾ ਜ਼ਾਹਿਰ ਕੀਤਾ ਹੈ ਅਤੇ ਪੁਲੀਸ ਪ੍ਰਮੁੱਖ ਤੋਂ ਮੰਗ ਕੀਤੀ ਕਿ ਉਨ੍ਹਾਂ ਸਾਰੇ ਗਵਾਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ, ਜਿਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਰੁਪਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਦਾ ਕਤਲ ਕਰਨ ਵਾਲੇ ਬਹੁਤ ਤਾਕਤਵਰ ਹਨ, ਜਿਨ੍ਹਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ, ਜੋ ਕਿਸੇ ਨੂੰ ਵੀ ਸੁਪਾਰੀ ਕਿੱਲਰ ਬੁਲਾ ਕੇ ਕਿਸੇ ਨੂੰ ਵੀ ਟਿਕਾਣੇ ਲਗਾ ਸਕਦੇ ਹਨ। ਰੁਪਿੰਦਰ ਕੌਰ ਨੇ ਮੰਗ ਕੀਤੀ ਹੈ ਕਿ ਐੱਸ.ਆਈ.ਟੀ. ਦਾ ਗਠਨ ਕਰਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਸ ਨੇ ਕਤਲ ਦੇ ਗਵਾਹ ਹਾਕਮ ਸਿੰਘ, ਪ੍ਰੀਤਮ ਸਿੰਘ, ਇੰਦਰਪਾਲ ਸਿੰਘ ਅਤੇ ਸੋਹਣ ਸਿੰਘ ਨੂੰ ਤੁਰੰਤ ਸੁਰੱਖਿਆ ਦੇਣ ਦੀ ਮੰਗ ਕਰਦਿਆਂ ਐੱਫ਼.ਆਈ.ਆਰ. ‘ਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।