ਇੰਡੀਆ ਦੀ ਬੈਡਮਿੰਟਨ ਸਟਾਰ ਅਤੇ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ.ਵੀ. ਸਿੰਧੂ ਨੇ ਮਹਿਲਾ ਸਿੰਗਲ ਫਾਈਨਲ ’ਚ ਚੀਨ ਦੀ ਵੈਂਗ ਝੀ ਯੀ ਨੂੰ ਤਿੰਨ ਗੇਮ ਤੱਕ ਚਲੇ ਸਖ਼ਤ ਮੁਕਾਬਲੇ ’ਚ ਹਰਾ ਕੇ ਸਿੰਗਾਪੁਰ ਓਪਨ ਬੈਡਮਿੰਟਨ ਸੁਪਰ 500 ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ ਹੈ। ਸਿੰਧੂ ਨੇ ਪਹਿਲੀ ਵਾਰ ਇਹ ਖਿਤਾਬ ਜਿੱਤਿਆ। ਸਿੰਧੂ ਨੇ ਮਹੱਤਵਪੂਰਨ ਪਲਾਂ ’ਚ ਸੰਜਮ ਬਰਕਰਾਰ ਰਖਦੇ ਹੋਏ ਸਖ਼ਤ ਮੁਕਾਬਲੇ ’ਚ ਏਸ਼ੀਆਈ ਚੈਂਪੀਅਨਸ਼ਿਪ ਦੀ ਮੌਜੂਦਾ ਚੈਂਪੀਅਨ ਚੀਨ ਦੀ 22 ਸਾਲ ਦੀ ਖਿਡਾਰੀ ਨੂੰ 21-9, 11-21, 21-15 ਨਾਲ ਹਰਾਇਆ। ਇਸ ਖ਼ਿਤਾਬੀ ਜਿੱਤ ਨਾਲ ਸਿੰਧੂ ਦਾ ਆਤਮਵਿਸ਼ਵਾਸ ਵਧੇਗਾ ਜੋ ਬਰਮਿੰਘਮ ’ਚ 28 ਜੁਲਾਈ ਨੂੰ ਹੋਣ ਵਾਲੇ ਰਾਸ਼ਟਰ ਮੰਡਲ ਖੇਡਾਂ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਸਿੰਧੂ ਦਾ ਮੌਜੂਦਾ ਸੈਸ਼ਨ ਦਾ ਇਹ ਤੀਜਾ ਖ਼ਿਤਾਬ ਹੈ। ਉਨ੍ਹਾਂ ਨੇ ਸਈਅਦ ਮੋਦੀ ਕੌਮਾਂਤਰੀ ਤੇ ਸਵਿਸ ਓਪਨ ਦੇ ਰੂਪ ’ਚ ਦੋ ਸੁਪਰ 300 ਟੂਰਨਾਮੈਂਟ ਜਿੱਤੇ। ਸਿੰਧੂ ਓਲੰਪਿਕਸ ’ਚ ਚਾਂਦੀ ਤੇ ਕਾਂਸੀ ਤਗ਼ਮੇ ਤੋਂ ਇਲਾਵਾ ਵਿਸ਼ਵ ਚੈਂਪੀਅਨਸ਼ਿਪ ’ਚ ਇਕ ਸੋਨ, ਦੋ ਚਾਂਦੀ ਤੇ ਦੋ ਕਾਂਸੀ ਤਗ਼ਮੇ ਵੀ ਜਿੱਤ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ.ਵੀ. ਸਿੰਧੂ ਨੂੰ ਇਸ ਜਿੱਤ ’ਤੇ ਵਧਾਈ ਦਿੱਤੀ ਹੈ।