ਚਾਰ ਮਹੀਨੇ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਮਾਸਟਰਮਾਈਂਡ ਮੰਨੇ ਜਾਂਦੇ ਗੋਲਡੀ ਬਰਾੜ ਵੱਲੋਂ ਕੈਨੇਡਾ ਵਿਚਲਾ ਆਪਣਾ ਟਿਕਾਣਾ ਬਦਲ ਲੈਣ ਦੀ ਚਰਚਾ ਹੈ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਗੋਲਡੀ ਬਰਾੜ ਨੇ ਆਪਣਾ ਟਿਕਾਣਾ ਬਦਲ ਲਿਆ ਹੈ ਅਤੇ ਉਹ ਕੈਨੇਡਾ ਛੱਡ ਕੇ ਫਰਾਰ ਹੋ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਗੋਲਡੀ ਬਰਾੜ ਅਮਰੀਕਾ ਭੱਜ ਗਿਆ ਹੈ ਅਤੇ ਕੈਲੀਫੋਰਨੀਆ ‘ਚ ਲੁਕਵੇਂ ਤਰੀਕੇ ਨਾਲ ਰਹਿ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਪੁਲੀਸ ਨੂੰ ਗੋਲਡੀ ਬਰਾੜ ਦੇ ਪੱਕੇ ਟਿਕਾਣੇ ਦੀ ਸੂਹ ਮਿਲ ਗਈ ਸੀ ਜਿਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦਸਤਾਵੇਜ਼ ਅਤੇ ਆਪਣਾ ਭੇਸ ਬਦਲ ਕੇ ਹੀ ਗੋਲਡੀ ਬਰਾੜ ਅਮਰੀਕਾ ਪੁੱਜਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਦੀ ਪੁਲੀਸ ਲਗਾਤਾਰ ਭਾਲ ਕਰ ਰਹੀ ਹੈ। ਪੰਜਾਬ ਪੁਲੀਸ ਨੇ ਉਸ ਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ‘ਤੇ ਲਈ ਸੀ ਅਤੇ ਇਸ ਤੋਂ ਬਾਅਦ ਉਹ ਕਈ ਵਾਰ ਲਾਈਵ ਵੀ ਹੋਇਆ ਹੈ। ਫਿਲਹਾਲ ਉਹ ਪੁਲੀਸ ਦੀ ਗ੍ਰਿਫ਼ਤ ਤੋਂ ਹੁਣ ਤੱਕ ਬਾਹਰ ਹੈ ਅਤੇ ਆਪਣੇ ਟਿਕਾਣੇ ਬਦਲ ਕੇ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ ਪੁਲੀਸ ਵੱਲੋਂ ਕੈਨੇਡਾ ਪੁਲੀਸ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਕਿ ਗੋਲਡੀ ਬਰਾੜ ਕੈਨੇਡਾ ਤੋਂ ਕਿਵੇਂ ਭੱਜ ਗਿਆ। ਪੁਲਸ ਉਸ ਦੀ ਭਾਲ ‘ਚ ਲੱਗੀ ਹੋਈ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਪੁਲੀਸ ਅਮਰੀਕਾ ਤੋਂ ਵੀ ਗੋਲਡੀ ਬਰਾੜ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।