ਛੇ ਮਹੀਨੇ ਪਹਿਲਾਂ ਗੋਲੀਆਂ ਮਾਰ ਕੇ ਕਤਲ ਕੀਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਲਈ ਮਾਨਸਾ ਪੁਲੀਸ ਵਲੋਂ ਹੁਣ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਤੋਂ ਵੀ ਪੁੱਛਗਿੱਛ ਹੋਵੇਗੀ। ਉਸ ਤੋਂ ਇਲਾਵਾ ਗਾਇਕ ਮਨਕੀਰਤ ਔਲਖ, ਮਰਹੂਮ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਤੇ ਦਿਲਪ੍ਰੀਤ ਢਿੱਲੋਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ। ਪੁਲੀਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇਨ੍ਹਾਂ ਤੋਂ ਸ਼ੱਕ ਦੇ ਆਧਾਰ ਉਤੇ ਕਈ ਕਿਸਮ ਦੀ ਜਾਣਕਾਰੀ ਲੈਣੀ ਹੈ, ਜਿਸ ਲਈ ਸਾਰੇ ਦਸਤਾਵੇਜ਼ ਮੁਕੰਮਲ ਕਰ ਲਏ ਗਏ ਹਨ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਈ ਵਾਰ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਸੁ਼ਭਦੀਪ ਦੇ ਕਤਲ ਲਈ ਪੰਜਾਬੀ ਗਾਇਕਾਂ ਸਮੇਤ ਸੰਗੀਤ ਇੰਡਸਟਰੀ ਦੇ ਅਨੇਕਾਂ ਲੋਕ ਵੀ ਜ਼ਿੰਮੇਦਾਰ ਹੋ ਸਕਦੇ ਹਨ। ਅੱਜ ਇਹ ਵੀ ਖ਼ਬਰ ਸਾਹਮਣੇ ਆਈ ਕਿ ਗਾਇਕ ਬੱਬੂ ਮਾਨ ਨੂੰ ਪੁਲੀਸ ਵਲੋਂ ਪੁੱਛਗਿੱਛ ਲਈ ਸੱਦਿਆ ਗਿਆ ਹੈ। ਮਰਹੂਮ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਮਨਕੀਰਤ ਔਲਖ ਕੋਲੋਂ ਪਹਿਲਾਂ ਵੀ ਪੁੱਛਗਿੱਛ ਹੋ ਚੁੱਕੀ ਹੈ। ਮਨਕੀਰਤ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ ਤੇ ਅਫਸਾਨਾ ਖ਼ਾਨ ਕੋਲੋਂ ਵੀ ਜਾਂਚ ਏਜੰਸੀਆਂ ਪੁੱਛਗਿੱਛ ਕਰ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਵਿਚਾਲੇ ਅਕਸਰ ਸੋਸ਼ਲ ਮੀਡੀਆ ‘ਤੇ ਤਕਰਾਰ ਦੇਖਣ ਨੂੰ ਮਿਲਦਾ ਸੀ। ਇਥੋਂ ਤਕ ਕਿ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਇਕ-ਦੂਜੇ ਨੂੰ ਮੈਸਿਜ ਕਰਕੇ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਸੇ ਦੇ ਚਲਦਿਆਂ ਪੁਲੀਸ ਵਲੋਂ ਬੱਬੂ ਮਾਨ ਨੂੰ ਪੁੱਛਗਿੱਛ ਲਈ ਸੱਦਿਆ ਜਾ ਰਿਹਾ ਹੈ ਜਾਂ ਮਾਮਲਾ ਕੁਝ ਹੋਰ ਹੈ। ਸਿੱਧੂ ਮੂਸੇ ਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਮਾਪਿਆਂ ਵੱਲੋਂ ਲਗਾਤਾਰ ਸਰਕਾਰ ‘ਤੇ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਸਿੱਧੂ ਦੇ ਕਾਤਲਾਂ ਨੂੰ ਫੜਨ ਦੀ ਬੇਨਤੀ ਕੀਤੀ ਜਾ ਰਹੀ ਹੈ।