ਉੱਘੇ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ 29 ਮਈ ਤੋਂ ਹੀ ਫਰਾਰ ਚੱਲ ਰਹੇ ਛੇਵੇਂ ਸ਼ੂਟਰ ਦੀਪਕ ਮੁੰਡੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁੰਡੀ ਦੇ ਨਾਲ ਉਸ ਦੇ ਦੋ ਸਾਥੀਆਂ ਕਪਿਲ ਪੰਡਿਤ ਤੇ ਰਜਿੰਦਰ ਨੂੰ ਵੀ ਕਾਬੂ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਇੰਡੀਆ-ਨੇਪਾਲ ਬਾਰਡਰ ਨੇੜਿਓਂ ਹੋਈਆਂ ਹਨ। ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੀਪਕ ਮੁੰਡੀ ਤੇ ਦੂਜੇ ਦੋ ਸਾਥੀਆਂ ਨੂੰ ਇੰਡੀਆ-ਨੇਪਾਲ ਸਰਹੱਦ ਨੇੜਿਓਭ ਸਿਲੀਗੁੜੀ ਦੇ ਕੋਲੋਂ ਭਾਨ ਸਾਹਿਬ ਤੋਂ ਫੜਿਆ ਗਿਆ ਹੈ। ਉਨ੍ਹਾਂ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਅਤੇ ਪੰਜਾਬ ਪੁਲੀਸ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਸਾਂਝੀ ਕਾਰਵਾਈ ਦੌਰਾਨ ਕਾਬੂ ਕੀਤਾ ਗਿਆ। ਜਾਣਕਾਰੀ ਮੁਤਾਬਕ ਪੰਜਾਬ ਪੁਲੀਸ ਨੇ ਕੇਂਦਰੀ ਏਜੰਸੀਆਂ ਅਤੇ ਦਿੱਲੀ ਪੁਲੀਸ ਨਾਲ ਇਕ ਸਾਂਝੀ ਮੁਹਿੰਮ ‘ਚ ਫਰਾਰ ਗੈਂਗਸਟਰ ਸ਼ੂਟਰ ਦੀਪਕ ਮੁੰਡੀ ਨੂੰ ਉਸ ਦੇ ਦੋ ਹੋਰ ਸਹਿਯੋਗੀਆਂ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਦੀਪਕ ਮੁੰਡੀ ਨੇਪਾਲ ਬਾਰਡਰ ਤੋਂ ਫਰਾਰ ਹੋਣ ਦੀ ਫਿਰਾਕ ‘ਚ ਸੀ। ਉਨ੍ਹਾਂ ਦੱਸਿਆ ਕਿ ਦੀਪਕ, ਕਪਿਲ ਤੇ ਰਾਜਿੰਦਰ ਨੂੰ ਨੇਪਾਲ ਬਾਰਡਰ ‘ਤੇ ਇਕ ਖ਼ੁਫੀਆ ਕਾਰਵਾਈ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਦੀਪਕ ਬੋਲੇਰੋ ਮੋਡਿਊਲ ‘ਚ ਸ਼ੂਟਰ ਸੀ ਜਦਕਿ ਕਪਿਲ ਅਤੇ ਰਾਜਿੰਦਰ ਨੇ ਹਥਿਆਰਾਂ ਸਮੇਤ ਰਸਦ ਦੀ ਮਦਦ ਪ੍ਰਦਾਨ ਕੀਤੀ ਸੀ। ਇਸ ਤੋਂ ਪਹਿਲਾਂ ਪੰਜਾਬ ਪੁਲੀਸ ਨੇ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਅਤੇ ਜਗਰੂਪ ਸਿੰਘ ਰੂਪਾ ਨੂੰ ਐਨਕਾਊਂਟਰ ‘ਚ ਮਾਰ ਦਿੱਤਾ ਸੀ। ਐਨਕਾਊਂਟਰ ਮਗਰੋਂ ਦੀਪਕ ਮੁੰਡੀ ਇਕੋ ਇਕ ਸ਼ੂਟਰ ਬਚਿਆ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ਾਮਲ ਤਿੰਨ ਸ਼ਾਰਪ ਸ਼ੂਟਰਾਂ ਪ੍ਰਿਅਵਰਤ ਫੌਜੀ, ਅੰਕਿਤਾ ਸੇਰਸਾ ਅਤੇ ਕਸ਼ਿਸ਼ ਉਰਫ਼ ਕੁਲਦੀਪ ਨੂੰ ਦਿੱਲੀ ਪੁਲੀਸ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਮਾਨਸਾ ਦੇ ਐੱਸ.ਐੱਸ.ਪੀ. ਗੌਰਵ ਤੂਰਾ ਨੇ ਕਿਹਾ ਕਿ ਦੀਪਕ ਮੁੰਡੀ ਨੂੰ ਪੁੱਛਗਿੱਛ ਲਈ ਮਾਨਸਾ ਲਿਆਂਦਾ ਜਾਵੇਗਾ ਤਾਂ ਜੋ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਹੋਰ ਅਹਿਮ ਜਾਣਕਾਰੀ ਹਾਸਲ ਕੀਤੀ ਜਾ ਸਕੇ।