ਗੋਲੀਆਂ ਮਾਰ ਕੇ ਕਤਲ ਕੀਤੇ ਗਏ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਦਾ ਮਾਮਲਾ ਹਾਲੇ ਕਿਸੇ ਸਿਰੇ ਨਹੀਂ ਲੱਗਾ ਪਰ ਉਸ ਤੋਂ ਪਹਿਲਾਂ ਹੀ ਇਸ ਕੇਸ ਦੀ ਜਾਂਚ ਕਰ ਰਹੇ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਕਤਲ ਦੀ ਜਾਂਚ ਕਰ ਰਹੇ ਆਈ.ਓ. ਅੰਗਰੇਜ਼ ਸਿੰਘ ਨੂੰ ਅਚਾਨਕ ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਗੌਰਵ ਤੂਰਾ ਵਲੋਂ ਬਦਲ ਦਿੱਤਾ ਗਿਆ ਹੈ। ਪਹਿਲਾਂ ਥਾਣਾ ਸਿਟੀ-1 ਦੇ ਮੁਖੀ ਅੰਗਰੇਜ਼ ਸਿੰਘ ਇਸ ਕਤਲ ਕਾਂਡ ਦੀ ਜਾਂਚ ਕਰ ਰਹੇ ਸਨ, ਹੁਣ ਉਨ੍ਹਾਂ ਦੀ ਥਾਂ ਗੁਰਲਾਲ ਸਿੰਘ ਨੂੰ ਜਾਂਚ ਅਫਸਰ ਲਾਇਆ ਗਿਆ ਹੈ। ਅੰਗਰੇਜ਼ ਸਿੰਘ ਥਾਣਾ ਸਿਟੀ-1 ਮਾਨਸਾ ਦੇ ਮੁਖੀ ਸਨ। ਮੂਸੇਵਾਲੇ ਦਾ ਕਤਲ ਇਸੇ ਥਾਣਾ ਅਧੀਨ ਪੈਂਦੇ ਪਿੰਡ ਜਵਾਹਰਕੇ ਵਿਖੇ ਹੋਇਆ ਸੀ ਜਿਸ ਕਾਰਨ ਥਾਣਾ ਮੁਖੀ ਹੋਣ ਦੇ ਨਾਤੇ ਕੇਸ ਦੀ ਜਾਂਚ ਕਰ ਰਹੇ ਸਨ। ਸਿੱਧੂ ਮੂਸੇਵਾਲਾ ਦੇ ਕਤਲ ਹੋਣ ਵੇਲੇ ਗੈਂਗਸਟਰਾਂ ਵਲੋਂ ਅੰਗਰੇਜ਼ ਸਿੰਘ ਨੂੰ ਧਮਕੀਆਂ ਮਿਲੀਆਂ ਸਨ ਜਿਸ ਕਰਕੇ ਉਨ੍ਹਾਂ ਸਮੇਤ ਥਾਣਾ ਸਿਟੀ-10 ਦੀ ਸੁਰਖਿਆ ਨੂੰ ਵਧਾ ਦਿੱਤਾ ਗਿਆ ਸੀ। ਅੰਗਰੇਜ਼ ਸਿੰਘ ਨੂੰ ਹੁਣ ਥਾਣਾ ਬੁਢਲਾਡਾ ਵਿਖੇ ਤਾਇਨਾਤ ਕੀਤਾ ਗਿਆ ਹੈ, ਹਾਲਾਂਕਿ ਮਾਨਸਾ ਦੇ ਐੱਸ.ਐੱਸ.ਪੀ. ਗੌਰਵ ਤੂਰਾ ਨੇ ਇਸ ਤਬਾਦਲੇ ਨੂ ਨਿਯਮਤ ਬਦਲੀ ਦੱਸੀ ਗਈ ਹੈ। ਮੂਸੇਵਾਲਾ ਕਤਲ ਕਾਂਡ ਦੀ ਜਾਂਚ ਐੱਸ.ਆਈ.ਟੀ. ਕਰ ਰਹੀ ਹੈ, ਜਿਸ ਦੀ ਅਗਵਾਈ ਡੀ.ਆਈ.ਜੀ. ਜਸਕਰਨ ਸਿੰਘ ਕਰ ਰਹੇ ਹਨ। ਇਸ ਟੀਮ ਦੇ ਮੈਂਬਰ ਮਾਨਸਾ ਦੇ ਐੱਸ.ਐੱਸ.ਪੀ. ਗੌਰਵ ਤੂਰਾ, ਐਂਟੀ ਗੈਂਗਸਟਰ ਟਾਸਕ ਫੋਰਸ ਦੇ ਆਈ.ਜੀ. ਗੁਰਮੀਤ ਚੌਹਾਨ ਵੀ ਸ਼ਾਮਲ ਹਨ। ਇਸ ‘ਚ ਮਾਨਸਾ ਅਤੇ ਬਠਿੰਡਾ ਦੇ ਡੀ.ਐੱਸ.ਪੀ. ਦੇ ਨਾਲ ਨਾਲ ਥਾਣਾ ਸਿਟੀ -1 ਮਾਨਸਾ ਦੇ ਐੱਸ.ਐੱਚ.ਓ. ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਾਂਚ ਅਫਸਰ ਅੰਗਰੇਜ਼ ਸਿੰਘ ਦੀ ਅਗਵਾਈ ਹੇਠ ਮਾਨਸਾ ਪੁਲੀਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਚਲਾਨ ਪੇਸ਼ ਕਰ ਚੁੱਕੀ ਹੈ ਜਿਸ ‘ਚ 24 ਕਾਤਲਾਂ ਅਤੇ 166 ਵੱਖ ਵੱਖ ਗਵਾਹਾਂ ਦੇ ਨਾਮ ਦਰਜ ਹਨ। ਇਸ ‘ਚ ਗੋਲਡੀ ਬਰਾੜ ਨੂੰ ਮਾਸਟਰ ਮਾਈਂਡ ਦੱਸਿਆ ਗਿਆ ਹੈ। ਗੋਲਡੀ ਨੇ ਹੀ ਪੰਜਾਬੀ ਗਾਇਕ ਦੇ ਕਤਲ ਲਈ ਹਥਿਆਰ, ਗੱਡੀਆਂ ਸ਼ਾਰਪ ਸ਼ੂਟਰਾਂ ਨੂੰ ਮੁਹੱਈਆ ਕਰਵਾਈਆਂ ਸਨ। ਜੱਗੂ ਭਗਵਾਨਪਰੀਆ ਨੇ ਵੀ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਸ਼ੂਟਰ ਉਪਲਬਧ ਕਰਵਾਏ ਸਨ, ਜੋ ਮਗਰੋਂ ਅੰਮ੍ਰਿਤਸਰ ਜ਼ਿਲ੍ਹੇ ‘ਚ ਮੁਕਾਬਲੇ ਦੌਰਾਨ ਮਾਰੇ ਗਏ ਸਨ।