ਮਾਨਸਾ ਦੀ ਇਕ ਅਦਾਲਤ ਨੇ ਮਾਨਸਾ ਪੁਲੀਸ ਦੀ ਇਸ ਲਈ ਖਿਚਾਈ ਕੀਤੀ ਕਿ ਉਨ੍ਹਾਂ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਤਿੰਨ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ। ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਮੁਲਜ਼ਮਾਂ ਦੀ ਪੁਲੀਸ ਹਿਰਾਸਤ ਖ਼ਤਮ ਹੋਣ ਮਗਰੋਂ ਪੁਲੀਸ ਨੇ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਨਾ ਸੀ। ਪੇਸ਼ ਕਰਨ ‘ਚ ਤਿੰਨ ਘੰਟੇ ਤੋਂ ਵੱਧ ਦੇਰੀ ਲਈ ਅਦਾਲਤ ਨੇ ਜ਼ਿਲ੍ਹਾ ਪੁਲੀਸ ਦੀ ਖਿਚਾਈ ਕੀਤੀ। ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਦੀਪਕ ਮੁੰਡੀ ਅਤੇ ਉਸ ਦੇ ਦੋ ਸਾਥੀਆਂ ਕਪਿਲ ਪੰਡਿਤ ਤੇ ਰਜਿੰਦਰ ਉਰਫ ਜੋਕਰ ਦਾ ਰਿਮਾਂਡ ਖਤਮ ਹੋਣ ਮਗਰੋਂ ਉਨ੍ਹਾਂ ਨੂੰ ਦੁਪਹਿਰ ਦੋ ਵਜੇ ਤੱਕ ਅਦਾਲਤ ‘ਚ ਪੇਸ਼ ਕੀਤਾ ਜਾਣਾ ਸੀ ਪਰ ਮਾਨਸਾ ਪੁਲੀਸ ਸ਼ਾਮ 5 ਵਜੇ ਮੁਲਜ਼ਮਾਂ ਨਾਲ ਅਦਾਲਤ ‘ਚ ਪੇਸ਼ ਹੋਈ। ਇਸ ਤੋਂ ਬਾਅਦ ਜੁਡੀਸ਼ੀਅਲ ਮੈਜਿਸਟਰੇਟ ਦਲਜੀਤ ਕੌਰ ਦੀ ਅਦਾਲਤ ਨੇ ਇਸ ਦੇਰੀ ਲਈ ਜ਼ਿਲ੍ਹਾ ਪੁਲੀਸ ਤੋਂ ਸਪੱਸ਼ਟੀਕਰਨ ਮੰਗਿਆ ਅਤੇ ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਗੌਰਵ ਤੂਰਾ ਨੂੰ ਵੀ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ। ਸੂਤਰਾਂ ਅਨੁਸਾਰ ਅੰਮ੍ਰਿਤਸਰ ਪੁਲੀਸ ਨੇ ਮਾਨਸਾ ਪੁਲੀਸ ਨੂੰ ਸੂਚਿਤ ਕੀਤਾ ਸੀ ਕਿ ਮੁਲਜ਼ਮ ਕਤਲ ਕੇਸ ‘ਚ ਲੋੜੀਂਦੇ ਹਨ। ਸੂਤਰਾਂ ਨੇ ਕਿਹਾ, ‘ਦੇਰੀ ਇਸ ਲਈ ਹੋਈ ਕਿਉਂਕਿ ਅੰਮ੍ਰਿਤਸਰ ਪੁਲੀਸ ਮਾਨਸਾ ਪਹੁੰਚਣ ‘ਚ ਦੇਰੀ ਨਾਲ ਸੀ ਜਿਸ ਤੋਂ ਬਾਅਦ ਜ਼ਿਲ੍ਹਾ ਪੁਲੀਸ ਨੇ ਕੁਝ ਘੰਟੇ ਉਡੀਕ ਕੀਤੀ।’ ਇਕ ਹੋਰ ਮੁਲਜ਼ਮ ਬਿੱਟੂ ਸਿੰਘ ਦਾ ਛੇ ਦਿਨ ਦਾ ਪੁਲੀਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਮੂਸੇਵਾਲਾ ਕਤਲ ਕਾਂਡ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਵੀ ਇਸ ਕੇਸ ਦੇ ਮੁੱਖ ਮੁਲਜ਼ਮ ਹਨ। ਇਸੇ ਦੌਰਾਨ ਅੰਮ੍ਰਿਤਸਰ ਪੁਲੀਸ ਨੇ ਮੁੰਡੀ ਅਤੇ ਹੋਰ ਦੋ ਮੁਲਜ਼ਮਾਂ ਦਾ ਟਰਾਂਜ਼ਿਟ ਰਿਮਾਂਡ ਮੰਗਿਆ ਸੀ ਪਰ ਮਾਨਸਾ ਅਦਾਲਤ ਨੇ ਰਿਮਾਂਡ ਦੀ ਮਨਜ਼ੂਰੀ ਨਹੀਂ ਦਿੱਤੀ। ਇਸੇ ਦੌਰਾਨ ਪੰਜਾਬ ‘ਚ ਨੌਜਵਾਨਾਂ ਨੂੰ ਆਪਣੇ ਗੈਂਗ ਨਾਲ ਜੋੜਨ ਲਈ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਵਟਸਐਪ ਨੰਬਰ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਦੇ ਅਕਾਊਂਟ ਤੋਂ ਇਕ ਪੋਸਟ ਪਾਈ ਗਈ ਹੈ ਜਿਸ ‘ਚ ਲਿਖਿਆ ਗਿਆ ਹੈ ਕਿ ਜਿਹੜੇ ਭਰਾ ਗੈਂਗ ‘ਚ ਸ਼ਾਮਲ ਹੋਣਾ ਚਾਹੁੰਦੇ ਹਨ ਉਹ ਦਿੱਤੇ ਹੋਏ ਵਟਸਐਪ ਨੰਬਰ ‘ਤੇ ਸੰਪਰਕ ਕਰਨ। ਦੂਜੇ ਪਾਸੇ ਗਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਲਾਰੈਂਸ ਨੂੰ ਟਰਾਂਜ਼ਿਟ ਰਿਮਾਂਡ ‘ਤੇ ਚਲਦਿਆਂ ਬਠਿੰਡਾ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਤਾਂ ਪੰਜਾਬ ਪੁਲੀਸ ਉਸ ਦਾ ਕਥਿਤ ਤੌਰ ‘ਤੇ ਝੂਠਾ ਐਨਕਾਊਂਟਰ ਕਰ ਸਕਦੀ ਹੈ ਜਾਂ ਉਸ ਦੇ ਵਿਰੋਧੀ ਗੈਂਗ ਉਸ ‘ਤੇ ਹਮਲਾ ਕਰ ਸਕਦੇ ਹਨ।