ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਚ ਕਿੰਨੇ ਸ਼ਾਰਪ ਸ਼ੂਟਰ ਸ਼ਾਮਲ ਸਨ? ਇਸ ਬਾਰੇ ਨਵਾਂ ਸਵਾਲ ਖਡ਼੍ਹਾ ਹੋ ਗਿਆ ਹੈ। ਗੈਂਗਸਟਰ ਗੋਲਡੀ ਬਰਾਡ਼ ਨੇ ਦਾਅਵਾ ਕੀਤਾ ਹੈ ਕਿ 8 ਲੋਕਾਂ ਨੇ ਸਿੱਧੂ ਮੂਸੇਵਾਲਾ ਨੂੰ ਮਾਰਿਆ। ਅੰਮ੍ਰਿਤਸਰ ਐਨਕਾਊਂਟਰ ’ਚ ਮਾਰੇ ਗਏ 2 ਸ਼ਾਰਪ ਸ਼ੂਟਰਾਂ ਤੋਂ ਬਾਅਦ ਗੋਲਡੀ ਬਰਾਡ਼ ਨੇ ਸੋਸ਼ਲ ਮੀਡੀਆ ਪੋਸਟ ’ਚ ਅਜਿਹਾ ਦਾਅਵਾ ਕੀਤਾ ਹੈ। ਉਥੇ ਹੀ ਪੰਜਾਬ ਪੁਲੀਸ ਨੇ ਇਸ ’ਚ 6 ਹੀ ਸ਼ਾਰਪ ਸ਼ੂਟਰਾਂ ਦੇ ਸ਼ਾਮਲ ਹੋਣ ਬਾਰੇ ਦੱਸਿਆ ਹੈ। ਦਿੱਲੀ ਪੁਲੀਸ ਨੇ ਸ਼ੁਰੂਆਤੀ ਜਾਂਚ ’ਚ 8 ਸ਼ਾਰਪ ਸ਼ੂਟਰ ਦੱਸੇ ਸੀ। ਹਾਲਾਂਕਿ ਉਸ ਤੋਂ ਬਾਅਦ ਉਹ ਵੀ 6 ਦੱਸਣ ਲੱਗੀ। ਜੇਕਰ ਇਹ ਸੱਚ ਹੈ ਤਾਂ ਫਿਰ ਬਾਕੀ 2 ਸ਼ਾਰਸ਼ੂਟਰ ਕੌਣ ਹਨ? ਚੇਤੇ ਰਹੇ ਕਿ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ’ਚ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ। ਗੈਂਗਸਟਰ ਗੋਲਡੀ ਬਰਾਡ਼ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਪੋਸਟ ਕੀਤੀ ਜਿਸ ’ਚ ਉਸ ਨੇ ਅੰਮ੍ਰਿਤਸਰ ਐਨਕਾਊਂਟਰ ’ਚ ਮਾਰੇ ਗਏ ਸ਼ਾਰਪ ਸ਼ੂਟਰਾਂ ਰੂਪਾ ਤੇ ਮੰਨੂ ਕੁੱਸਾ ਦੀ ਤਾਰੀਫ ਕੀਤੀ। ਗੋਲਡੀ ਨੇ ਲਿਖਿਆ ਕਿ ਇਕੱਲੇ ਮੂਸੇਵਾਲਾ ਨੂੰ 8 ਲੋਕਾਂ ਨੇ ਘੇਰ ਕੇ ਮਾਰਿਆ। ਉਸ ਨੇ ਦੋਵਾਂ ਦੀ ਤਾਰੀਫ ਇਸ ਲਈ ਕੀਤੀ ਕਿ ਸ਼ਾਰਪ ਸ਼ੂਟਰਾਂ ਨੂੰ ਸੈਂਕਡ਼ੇ ਪੁਲੀਸ ਵਾਲਿਆਂ ਨੇ ਘੇਰਿਆ ਹੋਇਆ ਸੀ, ਫਿਰ ਵੀ 6 ਘੰਟੇ ਤਕ ਟੱਕਰ ਲੈਂਦੇ ਰਹੇ। ਗੋਲਡੀ ਬਰਾਡ਼ ਨੇ ਕਿਹਾ ਕਿ ਪੁਲੀਸ ਮੁਕਾਬਲੇ ਸਮੇਂ ਰੂਪਾ ਨੇ ਉਸ ਨੂੰ ਫੋਨ ਕਰਕੇ ਦੱਸਿਆ ਤਾਂ ਉਸਨੇ ਆਤਮ ਸਮਰਪਣ ਲਈ ਕਿਹਾ ਪਰ ਰੂਪਾ ਤੇ ਮੰਨੂ ਨਹੀਂ ਮੰਨੇ ਅਤੇ ਸਕੇ ਭਰਾਵਾਂ ਨੇ ਲਡ਼ਨ ਦਾ ਫ਼ੈਸਲਾ ਲਿਆ। ਹੁਣ ਮੈਂ ਇਨ੍ਹਾਂ ਦੇ ਪਰਿਵਾਰਾਂ ਦਾ ਖਿਆਲ ਰੱਖਾਂਗਾ। ਗੋਲਡੀ ਬਰਾਡ਼ ਨੇ ਫੇਸਬੁੱਕ ਪੋਸਟ ’ਚ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਸ਼ੂਟਰਾਂ ’ਚ ਸ਼ਾਮਲ ਅੰਕਿਤ ਨੂੰ ਪੈਸਾ ਨਾ ਦੇਣ ਤੇ ਹੱਤਿਆ ਤੋਂ ਬਾਅਦ ਉਸ ਦਾ ਫੋਨ ਨਾ ਚੁੱਕਣ ਦੀਆਂ ਖ਼ਬਰਾਂ ਨੂੰ ਖਾਰਜ ਕੀਤਾ। ਗੋਲਡੀ ਬਰਾਡ਼ ਨੇ ਆਪਣੀ ਪੋਸਟ ’ਚ ਦਾਅਵਾ ਕੀਤਾ ਹੈ ਕਿ ਪੰਜਾਬ ਪੁਲੀਸ ਵੱਲੋਂ ਫੈਲਾਇਆ ਜਾ ਰਿਹਾ ਹੈ ਕਿ ਉਸ ਨੇ ਅੰਕਿਤ ਨਾਂ ਦੇ ਸ਼ਾਰਪ ਸ਼ੂਟਰ ਨੂੰ ਪੈਸਾ ਨਹੀਂ ਦਿੱਤਾ ਤੇ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਉਸ ਦਾ ਫੋਨ ਨਹੀਂ ਚੁੱਕਿਆ ਜੋ ਕੀ ਬਿਲਕੁਲ ਗਲਤ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਸ਼ਾਰਪ ਸ਼ੂਟਰ ਅੰਕਿਤ ਦੀ ਪੂਰੀ ਮਦਦ ਕੀਤੀ ਜਾ ਰਹੀ। ਇਕ ਹੋਰ ਜਾਣਕਾਰੀ ਅਨੁਸਾਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਕੁੱਸਾ ਆਤਮ ਸਮਰਪਣ ਕਰਨਾ ਚਾਹੁੰਦੇ ਸਨ। ਇਸ ਗੱਲ ਦਾ ਦਾਅਵਾ ਰੂਪਾ ਤੇ ਮੰਨੂ ਦੇ ਮੁਕਾਬਲੇ ’ਚ ਸ਼ਾਮਲ ਮਾਨਸਾ ’ਚ ਤਾਇਨਾਤ ਸੀ.ਆਈ.ਏ. ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਕੀਤਾ। ਪੁਲੀਸ ਅਧਿਕਾਰੀ ਅਨੁਸਾਰ ਸ਼ਾਰਪ ਸ਼ੂਟਰਾਂ ਤੇ ਪੁਲੀਸ ਵਿਚਾਲੇ ਕਰੀਬ ਇਕ ਘੰਟੇ ਤੱਕ ਗੋਲੀਬਾਰੀ ਹੋਈ। ਇਸ ਤੋਂ ਬਾਅਦ ਅਚਾਨਕ ਸ਼ੂਟਰਾਂ ਨੇ ਗੋਲੀਆਂ ਚਲਾਉਣੀਆਂ ਬੰਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਦੋਵੇਂ ਆਤਮ ਸਮਰਪਣ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਛੱਤ ਤੋਂ ਪੁਲੀਸ ਵਾਲਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੱਤਰਕਾਰਾਂ ਸਾਹਮਣੇ ਆਤਮ ਸਮਰਪਣ ਕਰਨਗੇ। ਉਨ੍ਹਾਂ ਕਿਹਾ ਕਿ ਪੁਲੀਸ ਇਸ ਗੱਲ ਨੂੰ ਮੰਨ ਗਈ ਅਤੇ 15 ਮਿੰਟ ਉਡੀਕ ਕਰਨ ਲਈ ਕਿਹਾ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਸਿਰਫ 5 ਮਿੰਟ ਲਈ ਚੁੱਪ ਰਹੇ ਅਤੇ ਫਿਰ ਉਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋਈ।