ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਇਨਸਾਫ਼ ਦੀ ਮੰਗ ਨੂੰ ਲੈ ਕੇ ਕੈਂਡਲ ਮਾਰਚ ‘ਚ ਆਸ ਨਾਲੋਂ ਵਧੇਰੇ ਇਕੱਠ ਹੋਇਆ। ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਇਸ ਕੈਂਡਲ ਮਾਰਚ ‘ਚ ਸ਼ਿਰਕਤ ਕੀਤੀ। ਇਸ ਸਮੇਂ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਵਾਪਸ ਲੈਣ ਵਾਲਿਆਂ ਸਬੰਧੀ ਇਕ ਉੱਚ ਪੱਧਰੀ ਕਮਿਸ਼ਨ ਕਾਇਮ ਕੀਤਾ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਆਖ਼ਰਕਾਰ ਕਿਸ ਦੇ ਹੁਕਮਾਂ ਤੇ ਉਸ ਦੀ ਸਕਿਉਰਿਟੀ ਵਾਪਸ ਲਈ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰ ਕੋਲ ਮੁੱਦਾ ਚੁੱਕਿਆ ਕਿ ਫਿਲਮ ਇੰਡਸਟਰੀ ਨਾਲ ਜੁੜੇ ਉਨ੍ਹਾਂ ਲੋਕਾਂ ਦੀ ਵੀ ਜਾਂਚ ਕੀਤੀ ਜਾਵੇ ਜਿਨ੍ਹਾਂ ਦੇ ਕਥਿਤ ਤੌਰ ਉਪਰ ਅੰਡਰਵਰਲਡ ਅਤੇ ਗੈਂਗਸਟਰਾਂ ਨਾਲ ਸਬੰਧ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਹ ਮੁੱਦਾ ਵੀ ਚੁੱਕਿਆ ਕਿ ਵੱਡੀਆਂ ਸੁਸਾਇਟੀਆਂ ‘ਚ ਰਹਿੰਦੇ ਸਫੈਦਪੋਸ਼ਾਂ ਦੀ ਵੀ ਜਾਂਚ ਕੀਤੀ ਜਾਵੇ ਜਿਹੜੇ ਗੈਂਗਸਟਰਾਂ ਦੇ ਨਾਂ ਉੱਪਰ ਫਿਰੌਤੀਆਂ ਵਸੂਲ ਕੇ ਪੰਦਰਾਂ ਪਰਸੈਂਟ ਕਮਿਸ਼ਨ ਖਾਂਦੇ ਹਨ। ਬਲਕੌਰ ਸਿੱਧੂ ਨੇ ਬਿਨਾਂ ਕਿਸੇ ਫਿਲਮੀ ਹਸਤੀ ਜਾਂ ਗਾਇਕ ਦਾ ਨਾਂ ਲਏ ਤੋਂ ਬਗੈਰ ਕਈ ਤਰ੍ਹਾਂ ਦੇ ਸ਼ਬਦੀ ਵਾਰ ਕੀਤੇ।