ਪਿਛਲੇ ਸਾਲ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਉੱਘੇ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਾਹਰ ਇਨਸਾਫ਼ ਲਈ ਅਤੇ ਧਮਕੀਆਂ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਤੋਂ ਬਾਅਦ ਮਾਨਸਾ ਪੁਲੀਸ ਜਾਗੀ ਹੈ। ਮਾਨਸਾ ਦੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਪ੍ਰੈੱਸ ਕਾਨਫਰੰਸ ਬੁਲਾਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਾਨਸਾ ਪੁਲੀਸ ਵੱਲੋਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਈਮੇਲ ਰਾਹੀਂ ਧਮਕੀਆਂ ਭੇਜਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਰਾਜਸਥਾਨ ਦੇ ਡਾਗੇਵਾਸ ਦਾ ਰਹਿਣ ਵਾਲਾ 14 ਸਾਲਾਂ ਦਾ ਇਕ ਮੁੰਡਾ ਹੈ। ਉਸ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਕਈ ਦਿਨ ਪਹਿਲਾਂ ਪਰਚਾ ਦਰਜ ਕੀਤਾ ਵੀ ਦੱਸਿਆ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐਸ.ਐਸ.ਪੀ. ਤੋਂ ਇਲਾਵਾ ਸੀ.ਆਈ.ਏ. ਦੇ ਇੰਚਾਰਜ ਜਗਦੀਸ਼ ਸ਼ਰਮਾ ਵੀ ਮੌਜ਼ੂਦ ਸਨ। ਐਸ.ਐਸ.ਪੀ. ਨੇ ਦੱਸਿਆ ਕਿ ਜੋਧਪੁਰ ਜ਼ਿਲ੍ਹੇ ਦੇ ਪਿੰਡ ਡਾਂਗਿਆਵਾਸ ਦਾ ਰਹਿਣ ਵਾਲਾ ਇਹ ਨਾਬਾਲਗ ਮੁੰਡਾ ਦਸਵੀਂ ਕਲਾਸ ਦਾ ਵਿਦਿਆਰਥੀ ਹੈ। ਉਸ ਪਾਸੋਂ ਇਕ ਮੋਬਾਈਲ ਸਮਾਰਟ ਫੋਨ ਬਰਾਮਦ ਕੀਤਾ ਗਿਆ ਹੈ। ਉਸ ਨੂੰ ਜੁਵਨਾਇਲ ਅਦਾਲਤ ਮਾਨਸਾ ‘ਚ ਪੇਸ਼ ਕੀਤਾ ਜਾ ਰਿਹਾ ਹੈ। ਇਹ ਪੁਸ਼ਟੀ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਵਿਧਾਨ ਸਭਾ ਦੇ ਬਾਹਰ ਦਿੱਤੇ ਧਰਨੇ ਤੋਂ ਬਾਅਦ ਕੀਤੀ ਗਈ।