ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ। ਮਰਹੂਮ ਗਾਇਕ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਭਰੋਸਾ ਦਿਵਾਇਆ ਕਿ ਹੁਣ ਜਦੋਂ ਪੰਜਾਬ ਸਰਕਾਰ ਮੂਸੇਵਾਲਾ ਕਤਲ ਮਾਮਲੇ ‘ਚ ਇਨਸਾਫ਼ ਨਹੀਂ ਦੇ ਰਹੀ ਤਾਂ ਉਹ ਸੰਸਦ ‘ਚ ਇਸ ਸਬੰਧੀ ਆਵਾਜ਼ ਉਠਾਉਣਗੇ। ਬੀਬੀ ਬਾਦਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਛੋਟੀ ਉਮਰ ‘ਚ ਵੱਡਾ ਨਾਮਣਾ ਖੱਟ ਕੇ ਪੰਜਾਬੀਅਤ ਦੀ ਸੇਵਾ ਕੀਤੀ ਹੈ ਤੇ ਇਸ ਖੇਤਰ ਦਾ ਨਾਂ ਦੇਸ਼-ਵਿਦੇਸ਼ਾਂ ‘ਚ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇਹ ਕਤਲ ਸਰਕਾਰ ਦੀ ਲਾਪ੍ਰਵਾਹੀ ਕਾਰਨ ਹੋਇਆ ਹੈ, ਪਰ ਸਰਕਾਰ ਹਾਲੇ ਵੀ ਪਰਿਵਾਰ ਨੂੰ ਸਿਰਫ਼ ਦਿਲਾਸਾ ਦੇ ਰਹੀ ਹੈ ਤੇ ਉਸ ਨੂੰ ਇਨਸਾਫ਼ ਦੇਣ ਵਾਸਤੇ ਸੰਜੀਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਲਗਾਤਾਰ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ ਅਤੇ ਅਮਨ-ਕਾਨੂੰਨ ਦੀ ਸਥਿਤੀ ਵੀ ਡਾਵਾਂਡੋਲ ਹੈ। ਸਾਬਕਾ ਕੇਂਦਰੀ ਮੰਤਰੀ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਮਾਤਾ ਚਰਨ ਕੌਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਕਤਲ ਕਾਂਡ ‘ਚ ਪਰਿਵਾਰ ਨੂੰ ਇਨਸਾਫ਼ ਨਾ ਮਿਲਣ ਦਾ ਮੁੱਦਾ ਲੋਕ ਸਭਾ ‘ਚ ਉਠਾਉਣਗੇ ਅਤੇ ਪੰਜਾਬ ਦੇ ਹਾਲਾਤ ਤੋਂ ਕੇਂਦਰ ਸਰਕਾਰ ਨੂੰ ਜਾਣੂ ਕਰਵਾਉਣਗੇ।