ਪਹਿਲਾਂ ਤੋਂ ਕੀਤੇ ਐਲਾਨ ਤੇ ਦਿੱਤੇ ਪ੍ਰੋਗਰਾਮ ਤਹਿਤ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਦੋ ਦਿਨ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਵੱਖ-ਵੱਖ ਥਾਈਂ ਰੈਲੀਆਂ ਕੀਤੀਆਂ। ਇਸ ਸਮੇਂ ਉਨ੍ਹਾਂ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਇਸ ਪਾਰਟੀ ਦੇ ਉਮੀਦਵਾਰ ਦੀ ਥਾਂ ਕਿਸੇ ਵੀ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਬਲਕੌਰ ਸਿੰਘ ਅਤੇ ਚਰਨ ਕੌਰ ਨੇ ਦੋ ਦਿਨ ਕਈ ਰੈਲੀਆਂ ਕਰਕੇ ‘ਆਪ’ ਲਈ ਮੁਸੀਬਤ ਖੜ੍ਹੀ ਕਰ ਦਿੱਤੀ। ਦੂਜੇ ਦਿਨ ਤਾਂ ਪੁਲੀਸ ਨੇ ਇਕੱਠ ਘੱਟ ਕਰਨ ਲਈ ਲੋਕਾਂ ਨੂੰ ਵੀ ਭਜਾਇਆ ਪਰ ਫਿਰ ਵੀ ਲੋਕ ਵੱਡੀ ਗਿਣਤੀ ‘ਚ ਉਨ੍ਹਾਂ ਨੂੰ ਸੁਣਨ ਪੁੱਜੇ। ਆਦਮਪੁਰ ਨੂੰ ਜਾਂਦੀ ਸੜਕ ‘ਤੇ ਸਥਿਤ ਰੇਲਵੇ ਫਾਟਕ ਨੇੜੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਜਲੰਧਰ ਜ਼ਿਮਨੀ ਚੋਣ ‘ਚ ਨੌਜਵਾਨਾਂ ਨੂੰ ‘ਆਪ’ ਖ਼ਿਲਾਫ਼ ਭੁਗਤਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਸਰਕਾਰ ਨੇ ਉਨ੍ਹਾਂ ਦੀਆਂ ਜੜਾਂ ਪੁੱਟੀਆਂ, ਉਹ ਉਸ ਜ਼ਾਲਮ ਸਰਕਾਰ ਦੀਆਂ ਜੜਾਂ ਪੁੱਟ ਕੇ ਦਮ ਲੈਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਕਥਿਤ ਗੈਂਗਸਟਰਾਂ ਨਾਲ ਸਾਜ਼ਿਸ਼ ਰਚ ਕੇ ਪਹਿਲਾਂ ਸਿੱਧੂ ਮੂਸੇਵਾਲਾ ਦੇ ਸੁਰੱਖਿਆ ਕਰਮੀ ਵਾਪਸ ਲਏ ਅਤੇ ਮਗਰੋਂ ਇਸ ਬਾਰੇ ਖਬਰਾਂ ਛਪਵਾਈਆਂ ਜਿਸ ਨਾਲ ਉਸ ਦੇ ਕਤਲ ਕਰਨ ਦਾ ਰਾਹ ਪੱਧਰਾ ਹੋ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੂ ਮੂਸੇਵਾਲਾ ਦੇ ਕਾਤਲ ਗ੍ਰਿਫ਼ਤਾਰ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੇਲੇ ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਅੰਬੀਆਂ ਅਤੇ ਹੋਰ ਕਈ ਨਾਮਵਰ ਸ਼ਖ਼ਸੀਅਤਾਂ ਦੇ ਕਤਲ ਹੋਏ ਪਰ ਸਰਕਾਰ ਵੱਲੋਂ ਇਨ੍ਹਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਸਗੋਂ ਗੈਂਗਸਟਰਾਂ ਦੀਆਂ ਜੇਲ੍ਹਾਂ ‘ਚੋਂ ਇੰਟਰਵਿਊਜ਼ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਉਹ ਲਤੀਫਪੁਰਾ ਵੀ ਗਏ ਤੇ ਉਥੋਂ ਦੇ ਪੀੜਤਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੀ ਅੱਜ ਪੀੜਤਾਂ ਨੂੰ ਖੁੱਲ੍ਹੇ ਅਸਮਾਨ ਹੇਠ ਸੌਣਾ ਪੈ ਰਿਹਾ ਹੈ।